ਬ੍ਰੇਕਿੰਗ : PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਵਰਤਣ ਦੇ ਮਾਮਲੇ ‘ਚ SP, 2 DSP ਸਮੇਤ ਇਹ 7 ਅਧਿਕਾਰੀ ਕੀਤੇ ਮੁਅੱਤਲ

0
3055

ਚੰਡੀਗੜ੍ਹ, 26 ਨਵੰਬਰ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਵਰਤਣ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਤੱਤਕਾਲੀ ਐੱਸਪੀ ਗੁਰਵਿੰਦਰ ਸਿੰਘ ਸਮੇਤ 7 ਹੋਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਹੋਰਨਾਂ ਅਧਿਕਾਰੀਆਂ ’ਚ 2 ਡੀਐੱਸਪੀਜ਼, 3 ਇੰਸਪੈਕਟਰ ਤੇ ਇਕ ਏਐੱਸਆਈ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 5 ਫਰਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ’ਚ ਸ਼ਾਮਲ ਹੋਣ ਲਈ ਬਠਿੰਡਾ ਵਿਚ ਸੜਕ ਮਾਰਗ ਰਾਹੀਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਜਾ ਰਹੇ ਸਨ। ਰਾਹ ’ਚ ਕਿਸਾਨਾਂ ਨੇ ਟਰੈਕਟਰ ਖੜ੍ਹੇ ਕਰਕੇ ਹਾਈਵੇ ਬੰਦ ਕਰ ਦਿੱਤਾ।

ਪੀਐੱਮ ਦਾ ਕਾਫ਼ਲਾ 20 ਮਿੰਟ ਤੱਕ ਫਲਾਈਓਵਰ ’ਤੇ ਰੁਕਿਆ ਰਿਹਾ। ਰਾਹ ਨਾ ਖੁੱਲ੍ਹਣ ’ਤੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਬਠਿੰਡਾ ਹਵਾਈ ਅੱਡੇ ’ਤੇ ਪੁੱਜਣ ’ਤੇ ਪੀਐੱਮ ਨੇ ਕਿਹਾ ਸੀ – ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ, ਕਹਿਣਾ ਕਿ ਮੈਂ ਜਿਊਂਦਾ ਮੁੜ ਰਿਹਾ ਹਾਂ। ਉਦੋਂ ਸੂਬੇ ’ਚ ਕਾਂਗਰਸ ਦੀ ਸਰਕਾਰ ਸੀ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ।

ਯਾਦ ਰਹੇ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਲਾਪਰਵਾਹੀ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ’ਚ ਪੰਜਾਬ ਦੇ ਤੱਤਕਾਲੀ ਮੁੱਖ ਸਕੱਤਰ ਅਨਿਰੁਧ ਤਿਵਾੜੀ ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਦੋਸ਼ੀ ਠਹਿਰਾਇਆ ਹੈ। ਕਮੇਟੀ ਨੇ 8 ਮਹੀਨੇ ਪਹਿਲਾਂ ਅਗਸਤ 2022 ’ਚ ਇਹ ਰਿਪੋਰਟ ਸੁਪਰੀਮ ਕੋਰਟ ਤੇ ਸਰਕਾਰ ਨੂੰ ਸੌਂਪ ਦਿੱਤੀ ਸੀ। ਇਸ ਰਿਪੋਰਟ ਦੇ ਆਧਾਰ ’ਤੇ ਕੇਂਦਰ ਨੇ ਸਤੰਬਰ 2022 ’ਚ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ ਪਰ 6 ਮਹੀਨੇ ਬੀਤਣ ਦੇ ਬਾਵਜੂਦ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਹੋਈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ ਸਾਬਕਾ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ’ਚ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ।

ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਤੱਤਕਾਲੀ ਏਡੀਜੀਪੀ (ਲਾਅ ਐਂਡ ਆਰਡਰ) ਨਰੇਸ਼ ਅਰੋੜਾ, ਏਡੀਜੀਪੀ (ਸਾਈਬਰ ਕ੍ਰਾਈਮ) ਜੀ ਨਾਗੇਸ਼ਵਰ ਰਾਓ, ਡੀਆਈਜੀ ਫ਼ਰੀਦਕੋਟ ਸੁਰਜੀਤ ਸਿੰਘ (ਹੁਣ ਰਿਟਾਇਰਡ ਹੋ ਚੁੱਕੇ ਹਨ), ਐੱਸਐੱਸਪੀ ਮੋਗਾ ਚਰਨਜੀਤ ਸਿੰਘ, ਆਈਜੀ (ਕਾਊਂਟਰ ਇੰਟੈਲੀਜੈਂਸ) ਰਾਕੇਸ਼ ਅਗਰਵਾਲ, ਡੀਆਈਜੀ ਫਿਰੋਜ਼ਪੁਰ ਰੇਂਜ ਇੰਦਰਬੀਰ ਸਿੰਘ ਤੇ ਐੱਸਐੱਸਪੀ ਫਿਰੋਜ਼ਪੁਰ ਹਰਮਨਦੀਪ ਹੰਸ ਡਿਊਟੀ ’ਤੇ ਸਨ। ਪਹਿਲਾਂ ਇਸ ਪੂਰੇ ਘਟਨਾਕ੍ਰਮ ਲਈ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੀ ਪਰ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਬਣੀ ਕਮੇਟੀ ਦੀ ਰਿਪੋਰਟ ’ਚ ਤੱਤਕਾਲੀ ਮੁੱਖ ਸਕੱਤਰ ਤੇ ਡੀਜੀਪੀ ਦੀ ਲਾਪਰਵਾਹੀ ਸਾਹਮਣੇ ਆਈ ਹੈ।

ਗ੍ਰਹਿ ਵਿਭਾਗ ਵੱਲੋਂ ਮੁਅੱਤਲ ਕੀਤੇ ਗਏ ਉਕਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇ ਉਨ੍ਹਾਂ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਤਾਂ ਉਸੇ ਅਹੁਦੇ ’ਤੇ ਡਿਮੋਟ ਕੀਤਾ ਜਾ ਸਕਦਾ ਹੈ, ਜਿਸ ਅਹੁਦੇ ’ਤੇ ਉਨ੍ਹਾਂ ਨੌਕਰੀ ਜੁਆਇਨ ਕੀਤੀ ਸੀ। ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚਾਰਜਸ਼ੀਟ ਕਰਨ ਦਾ ਖਰੜਾ ਤੇ ਗਵਾਹਾਂ ਦੀ ਸੂਚੀ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇ। ਪੀਪੀਐੱਸ ਅਧਿਕਾਰੀਆਂ ਨੂੰ ਹੈੱਡਕੁਆਰਟਰ ਅਟੈਚ ਕੀਤਾ ਗਿਆ ਹੈ। ਉਹ ਉਚ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਸਟੇਸ਼ਨ ਨਹੀਂ ਛੱਡ ਸਕਣਗੇ। ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਐੱਸਪੀ ਗੁਰਵਿੰਦਰ ਸਿੰਘ, ਡੀਐੱਸਪੀ ਪ੍ਰਸੋਨ ਸਿੰਘ, ਜਗਦੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ ਤੇ ਏਐੱਸਆਈ ਰਾਕੇਸ਼ ਕੁਮਾਰ।

 ਵੇਖੋ ਵੀਡੀਓ

https://www.facebook.com/punjabibulletin/videos/208241228990783

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)