ਸੁਲਤਾਨਪੁਰ ਲੋਧੀ, 23 ਨਵੰਬਰ | ਸੁਲਤਾਨਪੁਰ ਲੋਧੀ ‘ਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਹੋਈ ਗੋਲੀਬਾਰੀ ‘ਚ ਇਕ ਪੀ.ਐੱਚ.ਜੀ. ਜਵਾਨ ਸ਼ਹੀਦ ਹੋ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ 5 ਨਿਹੰਗ ਸਿੰਘਾਂ ਨੂੰ ਨਾਮਜ਼ਦ ਕਰਕੇ 35-40 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ।
ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਆਰਪੀਸੀ ਦੀ ਧਾਰਾ 145 ਤਹਿਤ ਗੁਰਦੁਆਰਾ ਸਾਹਿਬ ਦਾ ਕਬਜ਼ਾ ਲੈਣ ਲਈ ਪੁਲਿਸ ਬਲ ਤਾਇਨਾਤ ਕਰ ਦਿੱਤਾ ਹੈ। ਗੁਰਦੁਆਰਾ ਸਾਹਿਬ ਦੇ ਸੰਚਾਲਨ ਲਈ ਜਲਦੀ ਹੀ ਇਕ ਰਿਸੀਵਰ ਨਿਯੁਕਤ ਕੀਤਾ ਜਾਵੇਗਾ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਨਿਹੰਗਾਂ ਦੇ 2 ਧੜਿਆਂ ਵੱਲੋਂ ਕਬਜ਼ੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਗਰਮਾ ਗਿਆ ਸੀ। ਵੀਰਵਾਰ ਸਵੇਰੇ ਜਦੋਂ ਪੁਲਿਸ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਲੱਗੀ ਤਾਂ ਪੁਲਿਸ ‘ਤੇ ਪਥਰਾਅ ਅਤੇ ਗੋਲੀਬਾਰੀ ਕਰਕੇ ਹੋਮਗਾਰਡ ਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ।
ਡੀਐਸਪੀ ਸਮੇਤ 10 ਜਵਾਨ ਵੀ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿਚ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਬਜ਼ਾਧਾਰੀ ਨਿਹੰਗਾਂ ਨਾਲ ਤਿੰਨ ਘੰਟੇ ਮੀਟਿੰਗ ਕੀਤੀ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਪ੍ਰਸ਼ਾਸਨ ਨੇ ਧਾਰਾ 145 ਤਹਿਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਨੂੰ ਕਬਜ਼ੇ ਵਿਚ ਲੈ ਲਿਆ।
ਦੂਜੇ ਪਾਸੇ ਐਸਆਈ ਲਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ 5 ਨਿਹੰਗਾਂ ਅਤੇ 35-40 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302, 307, 332, 333, 353, 186, 148, 149, 120-ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਵਿਚ ਬਾਬਾ ਮਾਨ ਸਿੰਘ ਬੁੱਢਾ ਦਲ ਪੁੱਤਰ ਤੇਜਾ ਸਿੰਘ ਵਾਸੀ ਹਰਿਆਣਾ, ਬਾਬਾ ਪਾਲ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਗੁਰਦਾਸਪੁਰ, ਬਲਦੇਵ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਰਨਤਾਰਨ, ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲੁਧਿਆਣਾ ਅਤੇ ਅਵਤਾਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਮਾਨਸਾ ਦੱਸਿਆ ਗਿਆ ਹੈ। DSP ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਮਾਮਲੇ ਵਿਚ 5 ਮੁਲਜ਼ਮਾਂ ਬਾਬਾ ਪਾਲ ਸਿੰਘ, ਗੁਰਿੰਦਰ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ ਅਤੇ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੇਖੋ ਵੀਡੀਓ
https://www.facebook.com/punjabibulletinworld/videos/690666473033282