ਬ੍ਰੇਕਿੰਗ : ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ ‘ਤੇ ਚੱਲਦੀ ਸਕਾਰਪੀਓ ਗੱਡੀ ਨੂੰ ਲੱਗੀ ਭਿਆਨਕ ਅੱਗ

0
2867

ਸ੍ਰੀ ਕੀਰਤਪੁਰ ਸਾਹਿਬ, 7 ਅਕਤੂਬਰ | ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ ‘ਤੇ ਪਿੰਡ ਕਲਿਆਣਪੁਰ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਜਾਂਦੀ ਲਿੰਕ ਸੜਕ ਉਤੇ ਇਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਗੱਡੀ ਸੜਕ ਕੇ ਸੁਆਹ ਹੋ ਗਈ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਜਾਣਕਾਰੀ ਅਨੁਸਾਰ ਦਵਿੰਦਰ ਕੁਮਾਰ ਅਤੇ ਪ੍ਰਵੀਨ ਕੁਮਾਰ ਵਾਸੀ ਪਿੰਡ ਝੱਜਰ (ਹਰਿਆਣਾ) ਆਪਣੀ ਸਕਾਰਪੀਓ ਗੱਡੀ ‘ਚ ਸਵਾਰ ਹੋ ਕੇ ਮਨਾਲੀ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਕੀਰਤਪੁਰ ਸਾਹਿਬ ਨੇੜੇ ਸਥਿਤ ਇਕ ਪੈਟਰੋਲ ਪੰਪ ਤੋਂ ਤੇਲ ਪੁਆਇਆ ਤੇ ਅੱਗੇ ਵਧੇ। ਅਚਾਨਕ ਉਨ੍ਹਾਂ ਦੀ ਗੱਡੀ ‘ਚੋਂ ਆਵਾਜ਼ ਆਉਣ ਲੱਗ ਪਈ ਤਾਂ ਉਹ ਉਸ ਨੂੰ ਠੀਕ ਕਰਵਾਉਣ ਲਈ ਵੇਅਰ ਹਾਊਸ ਪਿੰਡ ਕਲਿਆਣਪੁਰ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਨੂੰ ਆ ਰਹੇ ਸਨ। ਜਦੋਂ ਉਹ ਦਰਗਾਹ ਬਾਬਾ ਬੁੱਢਣ ਸ਼ਾਹ ਨੂੰ ਜਾਂਦੀ ਰੋਡ ਨੇੜੇ ਪੁੱਜੇ ਤਾਂ ਸਕਾਰਪੀਓ ਗੱਡੀ ਨੂੰ ਅੱਗ ਲੱਗ ਗਈ। ਉਕਤ ਦੋਵੇਂ ਵਿਅਕਤੀ ਉਸ ਵਿਚੋਂ ਹੇਠਾਂ ਉਤਰ ਆਏ ਤੇ ਸਕਾਰਪੀਓ ‘ਚੋਂ ਕੁਝ ਸਾਮਾਨ ਵੀ ਬਾਹਰ ਕੱਢ ਲਿਆ। ਦੇਖਦੇ ਹੀ ਦੇਖਦੇ ਗੱਡੀ ਅੱਗ ਦੀਆਂ ਲਪਟਾਂ ‘ਚ ਘਿਰ ਗਈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਗਿਆ ਜੋ ਕਿ ਕਰੀਬ ਪੌਣੇ ਘੰਟੇ ਬਾਅਦ ਪੁੱਜੀ। ਉਦੋਂ ਤਕ ਗੱਡੀ ਸੜ ਕੇ ਸੁਆਹ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉਪਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਐਸਆਈ ਬਲਵੀਰ ਚੰਦ ਵੀ ਪੁਲਿਸ ਪਾਰਟੀ ਨਾਲ ਪੁੱਜੇ ਹੋਏ ਸਨ।