–ਪੁਨੀਤ
ਗੁਰਪ੍ਰੀਤ ਡੈਨੀ ਨੇ ਆਪਣੀ ਪਲੇਠੀ ਪੁਸਤਕ ਮੇਰੀਆਂ ਸਾਹਿਤਕ ਮੁਲਾਕਾਤਾਂ ਨਾਲ ਪੰਜਾਬੀ ਸਾਹਿਤ ਵਿੱਚ ਦਸਤਕ ਦਿੱਤੀ ਹੈ, ਕਿਤਾਬ ਵਿੱਚ ਅਦਬ ਅਤੇ ਸਿਰਜਣਾ ਦੇ ਖੇਤਰ ਵਿੱਚੋ ਕੁਝ ਜਾਣੀਆਂ-ਪਹਿਚਾਣੀਆਂ ਹਸਤੀਆਂ ਨਾਲ ਸਵਾਲ-ਜਵਾਬ ਦੇ ਜ਼ਰੀਏ ਸੰਵਾਦ ਰਚਾਇਆ ਹੈ।
ਕਿਤਾਬ ਵਿੱਚ ਜ਼ਿਆਦਾ ਰਸਮੀ ਸਵਾਲ ਕਰ ਕੇ ਵਕਤ ਜਾਇਆ ਨਹੀਂ ਕੀਤਾ ਗਿਆ। ਕਿਸੇ ਵੀ ਮੁਲਾਕਾਤ ਦੇ ਸ਼ੁਰੂਆਤ ਵਿੱਚ ਡੈਨੀ ਆਪਣੀ ਵਿਸ਼ਾਲ ਚੇਤਨਾ ਦੀ ਮਦਦ ਨਾਲ ਲੇਖਕ ਦੀ ਜਾਣ-ਪਛਾਣ ਲਈ ਅਗਾਜ਼ੀ-ਸ਼ਬਦ ਲਿਖਦਾ-ਲਿਖਦਾ ਇੱਕ ਸਪੇਸ ਸਿਰਜ ਲੈਂਦਾ ਹੈ ਤੇ ਫੇਰ ਮੁਲਾਕਾਤ ਵਿੱਚ ਹੋਏ ਸਵਾਲ ਜਵਾਬ ਉਸ ਸਪੇਸ ਦੇ ਇਰਦ-ਗਿਰਦ ਹੀ ਘੁੰਮਦੇ ਨਜ਼ਰ ਆਉਂਦੇ ਹਨ। ਡੈਨੀ ਹਰ ਇੱਕ ਲੇਖਕ ਦੀ ਸਿਰਜਣਾ ਦੀ ਜੜ੍ਹ ਨੂੰ ਸਮਝਦਾ ਉਸ ਲੇਖਕ ਦੇ ਵਿਸ਼ਿਆਂ ਨੂੰ ਬਾਖੂਬੀ ਪਹਿਚਾਣਦਾ ਹੋਇਆ ਸਵਾਲ ਕਰਦਾ ਹੈ। ਜਿਵੇਂ ਕਿ ਪਾਲ ਕੌਰ ਨਾਲ ਹੋਈ ਮੁਲਾਕਾਤ ਵਿੱਚ ਤੁਸੀ ਔਰਤ ਨਾਲ ਹੋ ਰਹੀ ਤ੍ਰਾਸਦੀ ਬਾਰੇ ਹੋਰ ਵੀ ਨਵੇਂ ਦਿੱਸਹਿਦਿਆ ਤੋਂ ਜਾਣੂ ਹੋਵੋਗੇ। ਭਗਵੰਤ ਰਸੂਲਪੁਰੀ ਦੀ ਮੁਲਾਕਾਤ ਵਿੱਚ ਹਾਸ਼ੀਏ ਤੇ ਗਏ ਦਲਿਤ ਸਮਾਜ ਦੇ ਦੁੱਖਾਂ ਬਾਰੇ ਜਾਣ ਸਕੋਗੇ।
ਪੰਜਾਬੀ ਸਾਹਿਤ ਵਿੱਚ ਮੁਲਾਕਾਤਾਂ ਦੀਆ ਕਿਤਾਬਾਂ ਵੇਖਣ-ਸੁਨਣ ਨੂੰ ਘੱਟ ਹੀ ਮਿਲਦੀਆਂ ਹਨ, ਜਦਕਿ ਕਿਸੇ ਵੀ ਨਵੇਂ ਪਾਠਕ ਜਾਂ ਕਿਸੇ ਵੀ ਨਵੇਂ ਸਿਰਜਕ ਲਈ ਕਿਸੇ ਲੇਖਕ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹਮੇਸ਼ਾ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇਸ ਪੱਖੋਂ ਵੀ ਗੁਰਪ੍ਰੀਤ ਡੈਨੀ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ।
ਸੋ ਮੁਲਾਕਾਤਾਂ ਦੀ ਇਸ ਕਿਤਾਬ ਨੂੰ ਤਹਿ ਦਿਲੋਂ ਜੀ ਆਇਆ ਆਖਦਾ ਹਾਂ।
ਅਤੇ ਗੁਰਪ੍ਰੀਤ ਡੈਨੀ ਨੂੰ ਇਸ ਸਕਾਰਾਤਮਕ ਕਾਰਜ ਲਈ ਮੁਬਾਰਕਬਾਦ ਦਿੰਦਾ ਹਾਂ।
ਪਬਲੀਕੇਸ਼ਨ – ਸੂਰਜਾਂ ਦੇ ਵਾਰਿਸ, ਬਠਿੰਡਾ (86488-93000)
ਕੀਮਤ – 150 ਰੁਪਏ