ਬਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ, 67 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ

0
289

ਮੁੰਬਈ| ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 67 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਆਪਣੇ ਦੋਸਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਨੁਪਮ ਖੇਰ ਨੇ ਲਿਖਿਆ ਕਿ ਸਤੀਸ਼, ਤੇਰੇ ਬਿਨਾਂ ਜ਼ਿੰਦਗੀ ਪਹਿਲਾਂ ਵਾਂਗ ਨਹੀਂ ਰਹੇਗੀ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਸਤੀਸ਼ ਕੌਸ਼ਿਕ ਇਕ ਮਸ਼ਹੂਰ ਬਾਲੀਵੁੱਡ ਅਭਿਨੇਤਾ, ਕਾਮੇਡੀਅਨ, ਸਕ੍ਰਿਪਟ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਸਨ।

ਸਤੀਸ਼ ਕੌਸ਼ਿਕ ਦਾ ਜਨਮ 13 ਅਪ੍ਰੈਲ 1965 ਨੂੰ ਹਰਿਆਣਾ ‘ਚ ਹੋਇਆ ਸੀ। ਉਨ੍ਹਾਂ ਦੀ ਸਕੂਲੀ ਪੜ੍ਹਾਈ ਦਿੱਲੀ ਵਿਚ ਹੋਈ। ਕਿਰੋਰੀ ਮੱਲ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਨ੍ਹਾਂ ਨੇ ਨੈਸ਼ਨਲ ਸਕੂਲ ਆਫ਼ ਡਰਾਮਾ (ਐਨਐਸਡੀ) ਵਿਚ ਦਾਖਲਾ ਲਿਆ। 1985 ਵਿਚ ਉਨ੍ਹਾਂ ਨੇ ਸ਼ਸ਼ੀ ਕੌਸ਼ਿਕ ਨਾਲ ਵਿਆਹ ਕਰਵਾਇਆ। 2 ਸਾਲ ਦੀ ਉਮਰ ਵਿਚ ਉਨ੍ਹਾਂਂ ਦੇ ਪੁੱਤਰ ਦੀ ਮੌਤ ਹੋ ਗਈ।

ਸਤੀਸ਼ ਨੇ 1983 ਵਿਚ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਤੋਂ ਪਹਿਲਾਂ ਉਹ ਥੀਏਟਰ ਵਿਚ ਕੰਮ ਕਰ ਚੁੱਕੇ ਹਨ। ਸਤੀਸ਼ ਨੂੰ 1987 ਵਿਚ ਫਿਲਮ ਮਿਸਟ ਇੰਡੀਆ ਤੋਂ ਪਛਾਣ ਮਿਲੀ। ਫਿਰ ਉਸ ਨੇ 1997 ਵਿਚ ਦੀਵਾਨਾ-ਮਸਤਾਨਾ ਵਿਚ ਪੱਪੂ ਪੇਜਰ ਦੀ ਭੂਮਿਕਾ ਨਿਭਾਈ। ਸਤੀਸ਼ ਨੂੰ 1990 ਵਿਚ ਰਾਮ ਲਖਨ ਲਈ ਅਤੇ 1997 ਵਿਚ ਸਾਜਨ ਚਲੇ ਸਸੁਰਾਲ ਲਈ ਸਰਬੋਤਮ ਕਾਮੇਡੀਅਨ ਦਾ ਫਿਲਮਫੇਅਰ ਅਵਾਰਡ ਮਿਲਿਆ।

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਸਤੀਸ਼ ਕੌਸ਼ਿਕ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਲਿਖਿਆ, “ਸਤੀਸ਼ ਕੌਸ਼ਿਕ ਜੀ ਦਾ ਬੇਵਕਤ ਚਲੇ ਜਾਣਾ ਬਹੁਤ ਦੁੱਖਦਾਇਕ  ਹੈ…ਸਤੀਸ਼ ਜੀ ਤੁਸੀਂ ਆਪਣੀ ਕਲਾ ਜ਼ਰੀਏ ਹਮੇਸ਼ਾ ਸਾਡੇ ਦਿਲਾਂ ’ਚ ਜਿਊਂਦੇ ਰਹੋਗੇ …”।