ਲਹੂ ਹੋਇਆ ਸਫੈਦ : ਜ਼ਮੀਨੀ ਵਿਵਾਦ ਦੇ ਚੱਲਦਿਆਂ ਭਰਾਵਾਂ ਨੇ ਭਰਾ ਨੂੰ ਕੁੱਟ-ਕੁੱਟ ਕੇ ਮਾਰ’ਤਾ

0
6216

ਕਪੂਰਥਲਾ। ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਗੁਡਾਣੀ ਵਿਖੇ ਭਰਾਵਾਂ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਸਕੇ ਭਰਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਕਾਰਵਾਈ ਕਰਦਿਆਂ 3 ਲੋਕਾਂ ਖਿਲਾਫ ਵੱਖ-ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਸਤਵੀਰ ਕੌਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਾਰ ਕਰਦੀ ਹੈ ਅਤੇ ਉਸ ਦੇ ਦੋ ਬੱਚੇ ਹਨ, ਇਕ ਲੜਕਾ ਸਿਮਰਜੀਤ ਸਿੰਘ ਅਮਰੀਕਾ ਗਿਆ ਹੈ ਅਤੇ ਇੱਕ ਲੜਕੀ ਨਵਜੋਤ ਕੌਰ ਸ਼ਾਦੀ-ਸ਼ੁਦਾ ਹੈ।

ਉਸ ਦੇ ਪਤੀ ਜਸਵੀਰ ਸਿੰਘ ਦੇ ਤਿੰਨ ਭਰਾ ਹਨ ਵੱਡਾ ਹਰਜਿੰਦਰ ਸਿੰਘ, ਉਸ ਤੋਂ ਵੱਡਾ ਲਖਵਿੰਦਰ ਸਿੰਘ ਤੇ ਛੋਟਾ ਤਰਸੇਮ ਸਿੰਘ।

ਹਰਜਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਬਾਬਾ ਦੀਪ ਸਿੰਘ ਨਗਰ ਨੇੜੇ ਪੀਰ ਚੌਧਰੀ ਕਪੂਰਥਲਾ ਵਿਖੇ ਰਹਿੰਦਾ ਹੈ ਅਤੇ ਦਿਉਰ ਤਰਸੇਮ ਸਿੰਘ ਅਮਰੀਕਾ ਗਿਆ ਹੈ। ਚਾਰਾ ਭਰਾਵਾਂ ਕੋਲ ਕਰੀਬ 6 ਕਿੱਲੇ ਜ਼ਮੀਨ ਹੈ।  

ਪੀੜਤਾ ਨੇ ਦੱਸਿਆ ਕਿ ਉਸਦੇ ਪਤੀ ਜਸਵੀਰ ਸਿੰਘ ਦਾ ਆਪਣੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨਾਲ 16 ਮਰਲੇ ਜ਼ਮੀਨ ਦਾ ਰੌਲਾ ਹੈ, ਜਿਸਦਾ ਕਿ ਕੋਰਟ ਵਿਚ ਕੇਸ ਚਲਦਾ ਹੈ।

ਇਸੇ ਜਮੀਨ ਕਰਕੇ ਉਸਦੇ ਪਤੀ ਦਾ ਆਪਣੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨਾਲ ਲੜਾਈ-ਝਗੜਾ ਰਹਿੰਦਾ ਸੀ। ਉਨ੍ਹਾਂ ਦੀਆਂ ਦੋ ਮੋਟਰਾਂ ਸਾਂਝੀਆਂ ਹਨ। ਦੋਵੇਂ ਉਕਤ ਭਰਾਵਾਂ ਨਾਲ ਮੋਟਰ ਦਾ ਲੋਡ ਵਧਾਉਣ ਦਾ ਝਗੜਾ ਰਹਿੰਦਾ ਸੀ।

ਅੱਜ ਉਸਦੇ ਪਤੀ ਨੂੰ ਉਸਦੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨੇ ਬੁਲਾਇਆ। ਉਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਪਤੀ ਨੂੰ ਇਹ ਤਿੰਨੇ ਜਣੇ ਖਿੱਚ ਕੇ ਕਰਮਜੀਤ ਸਿੰਘ ਪੰਮਾ ਦੇ ਘਰ ਅੰਦਰ ਲੈ ਗਏ ਤੇ  ਉਸ ਨਾਲ ਕਾਫੀ ਕੁੱਟਮਾਰ ਕੀਤੀ ਤੇ ਆਪ ਭੱਜ ਗਏ।

ਇਸ ਦੌਰਾਨ ਉਹ ਆਪਣੇ ਪਤੀ ਨੂੰ ਗੁਆਂਢੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲੈ ਗਈ, ਜਿੱਥੇ ਡਿਊਟੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਨ ਦਿੱਤਾ। ਇਸ ਸਬੰਧੀ ਸੁਭਾਨਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਤੇ ਭਰਜਾਈ ਸੁਖਵਿੰਦਰ ਕੌਰ ਖਿਲਾਫ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਹੈ।