ਲੁਧਿਆਣਾ | ਜ਼ਮੀਨੀ ਵਿਵਾਦ ਕਰਕੇ ਵੱਡੇ ਭਰਾ ਨੇ ਆਪਣੀ ਪਤਨੀ ਨਾਲ ਮਿਲ ਕੇ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ| ਮੁਲਜ਼ਮਾਂ ਨੇ ਬੇਰਹਿਮੀ ਨਾਲ ਸਿਰ ਵਿਚ ਰਾਡਾਂ ਮਾਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ| ਸੂਚਨਾ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ|
ਥਾਣਾ ਸਰਾਭਾ ਨਗਰ ਦੇ ਇੰਚਾਰਜ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਸੁਖਰਾਜ ਕੌਰ ਵਜੋਂ ਹੋਈ ਹੈ| ਪੁਲਿਸ ਨੇ ਰਾਜਵਿੰਦਰ ਸਿੰਘ (52) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੇ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਸਿੰਘ ਦਾ ਆਪਣੇ ਵੱਡੇ ਭਰਾ ਬਲਜੀਤ ਸਿੰਘ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ| ਮਧੁਬਾਲਾ ਇਨਕਲੇਵ ਵਿਚ ਰਹਿਣ ਵਾਲੇ ਦੋਵੇਂ ਭਰਾ ਵੱਖ-ਵੱਖ ਰਹਿੰਦੇ ਸਨ| ਪਿਤਾ ਨੇ ਸਾਰੀ ਜ਼ਮੀਨ ਰਾਜਵਿੰਦਰ ਸਿੰਘ ਦੇ ਨਾਂ ਕਰ ਦਿੱਤੀ ਸੀ, ਜਿਸ ਦੇ ਚਲਦੇ ਬਲਜੀਤ ਸਿੰਘ ਰਾਜਵਿੰਦਰ ਨਾਲ ਰੰਜਿਸ਼ ਰੱਖਣ ਲੱਗ ਪਿਆ| ਬਲਜੀਤ ਨੇ ਇਸ ਸਬੰਧੀ ਕੋਰਟ ਵਿਚ ਕੇਸ ਕਰ ਦਿੱਤਾ| ਇਸੇ ਗੱਲ ਨੂੰ ਲੈ ਕੇ ਦੋਹਾਂ ਭਰਾਵਾਂ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ|
ਜ਼ਮੀਨੀ ਵਿਵਾਦ ਕਾਰਨ ਦੇਰ ਰਾਤ ਦੋਵਾਂ ਵਿਚਕਾਰ ਫਿਰ ਲੜਾਈ ਹੋਈ| ਪੁਲਿਸ ਮੁਤਾਬਕ ਬਲਜੀਤ ਸਿੰਘ ਨੇ ਆਪਣੀ ਪਤਨੀ ਸੁਖਰਾਜ ਕੌਰ ਨਾਲ ਮਿਲ ਕੇ ਰਾਜਵਿੰਦਰ ਸਿੰਘ ਦੇ ਸਿਰ ਵਿਚ ਰਾਡਾਂ ਨਾਲ ਵਾਰ ਕੀਤੇ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ| ਇਸ ਮਾਮਲੇ ਵਿਚ ਪੁਲਿਸ ਨੇ ਕਤਲ ਦਾ ਮੁਕੱਦਮਾ ਦਰਜ ਕਰਕੇ ਬਲਜੀਤ ਅਤੇ ਉਸਦੀ ਪਤਨੀ ਨੂੰ ਹਿਰਾਸਤ ਵਿਚ ਲੈ ਲਿਆ ਹੈ| ਮ੍ਰਿਤਕ ਰਾਜਵਿੰਦਰ ਸਿੰਘ ਦੇ ਦੋਵੇਂ ਬੇਟੇ ਕੈਨੇਡਾ ਵਿਚ ਰਹਿੰਦੇ ਹਨ ਜਦਕਿ ਮੁਲਜ਼ਮ ਬਲਜੀਤ ਸਿੰਘ ਦਾ ਬੇਟਾ ਕੈਨੇਡਾ ਵਿਚ ਹੈ ਅਤੇ ਉਸ ਦੀ ਬੇਟੀ ਗੁਰਦਾਸਪੁਰ ਵਿਆਹੀ ਹੋਈ ਹੈ| ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ|