UP ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ BJP ਦੇ ਕੇਂਦਰੀ ਮੰਤਰੀ ਦੇ ਪੁੱਤ ਨੇ ਚੜ੍ਹਾਈ ਕਾਰ, 2 ਦੀ ਮੌਤ, ਲੋਕਾਂ ਨੇ ਗੱਡੀ ਨੂੰ ਲਾਈ ਅੱਗ

0
968

ਨਵੀਂ ਦਿੱਲੀ | ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ‘ਚ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਘਟਨਾ ਵਿੱਚ ਘੱਟੋ-ਘੱਟ 2 ਕਿਸਾਨਾਂ ਦੀ ਮੌਤ ਹੋ ਗਈ ਹੈ, ਜਦਕਿ 7 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ‘ਚ ਕੇਂਦਰੀ ਮੰਤਰੀ ਦੇ ਦੌਰੇ ਦਾ ਸੜਕਾਂ ‘ਤੇ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕਥਿਤ ਤੌਰ ‘ਤੇ 2 ਗੱਡੀਆਂ ਚੜ੍ਹਾ ਦਿੱਤੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਕਾਰ ਨਾਲ ਇਹ ਹਾਦਸਾ ਵਾਪਰਿਆ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਕੇਂਦਰੀ ਗ੍ਰਹਿ ਮਾਮਲਿਆਂ ਦੇ ਰਾਜ ਮੰਤਰੀ ਅਜੈ ਮਿਸ਼ਰਾ ਦਾ ਕਾਫਲਾ ਉਨ੍ਹਾਂ ਦੇ ਦੌਰੇ ਦੇ ਵਿਰੋਧ ਵਿੱਚ ਸੜਕਾਂ ‘ਤੇ ਕਾਲੇ ਝੰਡੇ ਲੈ ਕੇ ਖੜ੍ਹੇ ਕਿਸਾਨਾਂ ‘ਤੇ ਚੜ੍ਹਾ ਦਿੱਤਾ ਗਿਆ।” ਇਸ ਮਗਰੋਂ ਗੁੱਸੇ ‘ਚ ਆਏ ਕਿਸਾਨਾਂ ਨੇ 2 ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਭਾਰੀ ਹੰਗਾਮਾ ਕੀਤਾ ਜਾ ਰਿਹਾ ਹੈ।

ਆਸ਼ੀਸ਼ ਮਿਸ਼ਰਾ ‘ਤੇ ਪ੍ਰਦਰਸ਼ਨਕਾਰੀਆਂ ‘ਤੇ ਆਪਣੀ ਕਾਰ ਚੜ੍ਹਾਉਣ ਦਾ ਦੋਸ਼ ਹੈ। ਦਰਅਸਲ ਅੱਜ ਲਖੀਮਪੁਰ ਵਿੱਚ ਡੀਸੀਐੱਮ ਕੇਸ਼ਵ ਮੌਰੀਆ ਦਾ ਪ੍ਰੋਗਰਾਮ ਵੀ ਸੀ।

ਮੰਤਰੀ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਬਾਰੇ ਭੜਕਾਊ ਬਿਆਨ ਵੀ ਦਿੱਤਾ ਸੀ, ਜਿਸ ਦੇ ਰੋਸ ਵਜੋਂ ਅੱਜ ਸਵੇਰ ਤੋਂ ਹੀ ਕਿਸਾਨਾਂ ਨੇ ਪਿੰਡ ਟਿਕੁਨੀਆ ਵਿੱਚ ਹੈਲੀਪੈਡ ‘ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਤੇਜ਼ ਰਫਤਾਰ 2 ਗੱਡੀਆਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਰੜ ਦਿੱਤਾ।

ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਦਰਜਨਾਂ ਕਿਸਾਨਾਂ ਨੇ ਦੋਵਾਂ ਗੱਡੀਆਂ ਨੂੰ ਅੱਗ ਲਾ ਦਿੱਤੀ। ਕਿਸਾਨਾਂ ਨੇ ਭਾਜਪਾ ਨੇਤਾ ‘ਤੇ ਕਾਰ ਨਾਲ ਕੁਚਲਣ ਦਾ ਦੋਸ਼ ਲਾਇਆ ਹੈ। ਹੰਗਾਮੇ ਦੀ ਸੂਚਨਾ ‘ਤੇ ਡੀਐੱਮ ਤੇ ਐੱਸਪੀ ਸਮੇਤ ਭਾਰੀ ਫੋਰਸ ਮੌਕੇ ‘ਤੇ ਮੌਜੂਦ ਹੈ।