ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭਾਜਪਾ ਲੀਡਰ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ‘ਚ ਲਿਖਿਆ- ਬੱਚਿਓ, ਪਾਪਾ ਨੂੰ ਮਾਫ ਕਰ ਦੇਣਾ

0
33261

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਵੋਹਰਾ ਕਾਲੋਨੀ ਦੇ ਵਸਨੀਕ ਤੇ ਭਾਜਪਾ ਦੇ ਨੌਜਵਾਨ ਆਗੂ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ।

ਮ੍ਰਿਤਕ ਦੀ ਪਹਿਚਾਨ ਵਿਸ਼ਾਲ ਕੁਮਾਰ ਕਾਮਰਾ ਦੇ ਰੂਪ ਵਿਚ ਹੋਈ ਹੈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਦੁਪਹਿਰ ਵੋਹਰਾ ਕਾਲੋਨੀ ’ਚ ਸਥਿਤ ਘਰ ’ਚ ਭਾਜਪਾ ਆਗੂ ਵਿਸ਼ਾਲ ਕਾਮਰਾ ਬੇਸੁੱਧ ਹਾਲਤ ’ਚ ਪਏ ਹੋਏ ਸਨ। ਵਿਸ਼ਾਲ ਕਾਮਰਾ ਨੂੰ ਬੇਸੁੱਧ ਹਾਲਤ ’ਚ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਦੇਖਿਆ। ਪਤਨੀ ਸਕੂਲ ਗਈ ਹੋਈ ਸੀ। ਪਰਿਵਾਰਕ ਮੈਂਬਰ ਉਸਨੂੰ ਨਿੱਜੀ ਹਸਪਤਾਲ ਲੈ ਗਏ ਜਿੱਥੇ ਉਸ ਨੇ ਦਮ ਤੋੜ ਦਿੱਤਾ।ਸੁਸਾਇਡ ਨੋਟ ਵਿੱਚ ਵਿਸ਼ਾਲ ਨੇ ਉਨ੍ਹਾਂ ਲੋਕਾਂ ਬਾਰੇ ਡਿਟੇਲ ਲਿਖੀ ਹੈ ਜਿਹੜੇ ਉਸ ਦੇ ਪੈਸੇ ਨਹੀਂ ਮੋੜ ਰਹੇ ਸੀ। ਵਿਸ਼ਾਲ ਨੇ ਆਪਣੇ ਬੱਚਿਆਂ ਤੋਂ ਮੁਆਫੀ ਮੰਗੀ ਹੈ ਅਤੇ ਪਤਨੀ ਨੂੰ ਕਿਹਾ ਹੈ ਕਿ ਉਹ ਲੋਕਾਂ ਤੋਂ ਪੈਸੇ ਵਾਪਸ ਲਵੇ।

ਪੁਲਿਸ ਨੂੰ ਮ੍ਰਿਤਕ ਦੇ ਮੋਬਾਇਲ ’ਚੋਂ ਸ਼ੱਕੀ ਕਾਲ ਤੇ ਚੈਟਿੰਗ ਮਿਲੀ ਹੈ। ਮੋਬਾਇਲ ਅਤੇ ਖ਼ੁਦਕੁਸ਼ੀ ਨੋਟ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਕੋਲੋਂ ਮਿਲੇ ਸੁਸਾਇਡ ਨੋਟ ਮੁਤਾਬਕ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ ਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਬੀਜੇਪੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਗੋਰਾ ਨੇ ਦੱਸਿਆ ਕਿ ਵਿਸ਼ਾਲ ਚੰਗਾ ਵਰਕਰ ਸੀ। ਉਸ ਨੂੰ ਧਮਕੀਆਂ ਭਰੀਆਂ ਕਾਲਾਂ ਆ ਰਹੀਆਂ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।

ਥਾਣਾ ਸਿਟੀ ਦੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।