ਚੰਡੀਗੜ੍ਹ, 5 ਜਨਵਰੀ | ਪੰਜਾਬ ‘ਚ ਸ਼ਨੀਵਾਰ ਰਾਤ ਤੋਂ ਹਲਕੀ ਧੁੰਦ ਫਿਰ ਦਿਖਾਈ ਦੇਣ ਲੱਗੀ ਹੈ। ਅੰਦਾਜ਼ਾ ਹੈ ਕਿ ਅੱਜ ਦੇ ਦਿਨ ਦੀ ਸ਼ੁਰੂਆਤ ਵੀ ਸੰਘਣੀ ਧੁੰਦ ਨਾਲ ਹੋ ਸਕਦੀ ਹੈ। ਇਸ ਦੇ ਨਾਲ ਹੀ ਧੁੰਦ ਅਤੇ ਠੰਢ ਕਾਰਨ ਚੰਡੀਗੜ੍ਹ ਦੇ ਸਕੂਲਾਂ ਦੀਆਂ ਛੁੱਟੀਆਂ 11 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕੋਈ ਵੀ ਸਰਕਾਰੀ ਜਾਂ ਗ਼ੈਰ ਸਰਕਾਰੀ ਸਕੂਲ ਜਾਂ ਕਾਲਜ ਨਹੀਂ ਖੁੱਲ੍ਹੇਗਾ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਪੱਛਮੀ ਗੜਬੜੀ ਵੀ ਸਰਗਰਮ ਹੋ ਗਈ ਹੈ। ਵੈਸਟਰਨ ਡਿਸਟਰਬੈਂਸ ਦੇ ਕਾਰਨ ਪਾਕਿਸਤਾਨ ਅਤੇ ਰਾਜਸਥਾਨ ਵਿੱਚ ਦੋ ਚੱਕਰਵਾਤੀ ਚੱਕਰ ਦੇਖੇ ਜਾ ਸਕਦੇ ਹਨ। ਜਿਸ ਕਾਰਨ 5 ਅਤੇ 6 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ.ਨਗਰ ਅਤੇ ਮਲੇਰਕੋਟਲਾ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਅਗਲੇ ਤਿੰਨ ਦਿਨਾਂ ਤੱਕ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਪੰਜਾਬ ‘ਚ ਠੰਢ ਦਾ ਕਹਿਰ ਵਧ ਸਕਦਾ ਹੈ।