ਬਾਈਕ ਸਵਾਰਾਂ ਨੂੰ ਓਵਰਸਪੀਡ ਕਾਰ ਨੇ ਮਾਰੀ ਭਿਆਨਕ ਟੱਕਰ, ਨੌਜਵਾਨ ਦੀ ਮੌਕੇ ‘ਤੇ ਮੌਤ, 4 ਸੀਰੀਅਸ

0
2558

ਸ੍ਰੀ ਮੁਕਤਸਰ ਸਾਹਿਬ | ਮੁਕਤਸਰ-ਬਠਿੰਡਾ ਰੋਡ ‘ਤੇ ਕਾਲੀ ਮਾਤਾ ਮੰਦਰ ਨੇੜੇ ਵਾਪਰੇ ਦਰਦਨਾਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ। ਐਸਐਚਓ ਕੋਟਭਾਈ ਰਮਨ ਕੁਮਾਰ ਕੰਬੋਜ ਨੇ ਦੱਸਿਆ ਕਿ 2 ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਮੋਟਰਸਾਈਕਲ ਕੋਲ ਬਠਿੰਡਾ ਰੋਡ ਵਾਲੇ ਪਾਸੇ ਖੜ੍ਹੇ ਸਨ ਕਿ ਅਚਾਨਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕਾਰਪੀਓ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ।

ਮ੍ਰਿਤਕ ਦੀ ਪਛਾਣ ਸੁਖਰਾਮ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਜ਼ਖਮੀ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਪਿੰਡ ਬੁੱਟਰ ਸ਼ਰੀਹ ਵਜੋਂ ਹੋਈ ਹੈ, ਜਦੋਂਕਿ ਸਕਾਰਪੀਓ ਗੱਡੀ ਵਿੱਚ ਸਵਾਰ ਸੰਜੂ ਪੁੱਤਰ ਰਾਜ ਕੁਮਾਰ, ਰੋਜ਼ੀ ਅਤੇ ਮੀਨੂੰ ਵਾਸੀ ਪਿੰਡ ਬੁੱਟਰ ਜਲਾਲਾਬਾਦ ਦੱਸੇ ਜਾ ਰਹੇ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਦੋਦਾ ਪੁਲਿਸ ਚੌਕੀ ਦੇ ਏ.ਐਸ.ਆਈ ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


ਇਸ ਭਿਆਨਕ ਟੱਕਰ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਇਸ ਘਟਨਾ ‘ਚ ਸਕਾਰਪੀਓ ਗੱਡੀ ‘ਚ ਸਵਾਰ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਅਤੇ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਬਾਈਕ ਸਵਾਰ ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਇਲਾਜ ਅਧੀਨ ਹੈ।