ਬਿਹਾਰ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਦੇ ਗੇਟ ‘ਤੇ ਲਾਇਆ ਕਾਨੂੰਨੀ ਨੋਟਿਸ

0
2881

ਅੰਮ੍ਰਿਤਸਰ . ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਇਕ ਹਫਤੇ ਤੱਕ ਉਡੀਕ ਕਰਨ ਦੇ ਬਾਵਜੂਦ ਸਿੱਧੂ ਦਾ ਕੁਝ ਵੀ ਪਤਾ ਨਹੀਂ ਲੱਗਾ ਤਾਂ ਬਿਹਾਰ ਪੁਲਿਸ ਨੇ ਬੀਤੇ ਦਿਨ ਉਨ੍ਹਾਂ ਦੇ ਘਰ ਦੇ ਬਾਹਰ ਸੰਮਨ ਨੋਟਿਸ ਚਿਪਟਾ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਦੋਵੇਂ ਪੁਲਿਸ ਅਧਿਕਾਰੀ  ਸਿੱਧੂ ਦੇ ਘਰ ਵਿਚ ਬਣੇ ਦਫਤਰ ਵਿਚ ਗਏ ਤੇ ਉਨ੍ਹਾਂ ਨੇ ਸਿੱਧੂ ਬਾਰੇ ਜਾਣਕਾਰੀ ਮੰਗੀ ਪਰ ਉਨ੍ਹਾਂ ਦੇ ਨਿੱਜੀ ਸੈਕਟਰੀ ਸੁਸ਼ੀਲ ਰਾਵਤ ਵੱਲੋਂ ਅਧਿਕਾਰੀਆਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਕਿਹਾ ਗਿਆ ਗਿਆ ਉਨ੍ਹਾਂ ਨੂੰ ਛੇਤੀ ਹੀ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਨੇ ਕਟਿਹਾਰ ਵਿਚ ਆਪਣੇ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਦੇ ਘਰ ਦੇ ਬਾਹਰ ਕਾਨੂੰਨੀ ਨੋਟਿਸ ਚਿਪਕਾ ਦਿੱਤਾ। ਇੰਸਪੈਕਟਰ ਜਾਵੇਦ ਅਹਿਮਦ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਇਕ ਕਾਨੂੰਨੀ ਪ੍ਰਕਿਰਿਆ ਹੈ, ਜਿਸ ਦਾ ਜਵਾਬ ਕੋਰਟ ਵਿਚ ਦੇਣਾ ਪਏਗਾ। ਅਜਿਹੇ ਨੋਟਿਸ ਉਨ੍ਹਾਂ ਲੋਕਾਂ ਦੇ ਘਰਾਂ ਦੇ ਬਾਹਰ ਲਗਾਏ ਜਾਂਦੇ ਹਨ ਜਿਹੜੇ ਸੰਮਨ ਤਾਮੀਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਿੱਧੂ ਦੇ ਦਫਤਰ ਤੇ ਉਨ੍ਹਾਂ ਦੇ ਸੰਬੰਧਤ ਲੋਕਾਂ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ।

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਚਾਰਕ ਨਵਜੋਤ ਸਿੱਧੂ ਵੱਲੋਂ ਬਿਹਾਰ ਦੇ ਕਿਸ਼ਨਗੰਜ ਵਿਚ ਚੋਣ ਪ੍ਰਚਾਰ ਦੌਰਾਨ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਸ ’ਤੇ ਉਨ੍ਹਾਂ ਖਿਲਾਫ ਕਟਿਹਾਰ ਦੇ ਵਰਸੋਈ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਅਦਾਲਤ ਵਿਚ ਪਹੁੰਚਣ ’ਤੇ ਸਿੱਧੂ ਵਿਰੁੱਧ ਸੰਮਨ ਜਾਰੀ ਹੋਏ ਸਨ। ਇਨ੍ਹਾਂ ਸੰਮਨ ਦੀ ਤਾਮੀਲ ਲਈ ਬਿਹਾਰ ਪੁਲਿਸ ਦਸੰਬਰ 2019 ’ਚ ਵੀ ਸਿੱਧੂ ਦੇ ਘਰ ਪਹੁੰਚੀ ਸੀ, ਉਦੋਂ ਵੀ ਸਿੱਧੂ ਪੁਲਿਸ ਨੂੰ ਨਹੀਂ ਮਿਲੇ ਤੇ ਹੁਣ ਲਗਭਗ ਛੇ ਮਹੀਨਿਆਂ ਬਾਅਦ ਵੀ ਸਿੱਧੂ ਦਾ ਬਿਹਾਰ ਪੁਲਿਸ ਨੂੰ ਕੁਝ ਪਤਾ ਨਹੀਂ ਲੱਗਾ। ਦੱਸਣਯੋਗ ਹੈ ਕਿ ਸਿੱਧੂ ਦੇ ਇਸ ਰਵੱਏ ਨਾਲ ਉਨ੍ਹਾਂ ਲਈ ਮੁਸ਼ਕਿਲ ਪੈਦਾ ਹੋ ਸਕਦੀ ਹੈ ਕਿਉਂਕਿ ਬਿਹਾਰ ਪੁਲਿਸ ਹੁਣ ਇਸ ਮਾਮਲੇ ਵਿਚ ਸਖਤਕਦਮ ਚੁੱਕਣ ਦੀ ਤਿਆਰੀ ਵਿਚ ਹੈ। ਸੂਤਰਾਂ ਮੁਤਾਬਕ ਸਿੱਧੂ ਖਿਲਾਫ ਜ਼ਬਤੀ-ਕੁਰਕੀ ਦਾ ਵਾਰੰਟ ਜਾਰੀ ਕਰਵਾਉਣ ਲਈ ਪੁਲਿਸ ਅਦਾਲਤ ਵਿਚ ਜਾਣ ਦੀ ਤਿਆਰੀ ਕਰ ਰਹੀ ਹੈ।