ਅੰਮ੍ਰਿਤਸਰ | ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦਾ ਵਿਚਾਰ ਬੱਚਿਆਂ ਨੂੰ PUBG ਗੇਮ ਤੋਂ ਆਇਆ ਸੀ । ਸੀ-ਫਾਰ ਬੰਬ ਜਿਸ ਨਾਲ ਬੱਚਿਆਂ ਨੇ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ, ਉਹ PUBG ਗੇਮ ਵਿੱਚ ਵਰਤਿਆ ਜਾਂਦਾ ਹੈ। ਸਕੂਲ ਵਿੱਚ ਬੱਚਿਆਂ ਦੇ ਪੇਪਰ ਚੱਲ ਰਹੇ ਹਨ। ਦੋਵੇਂ ਵਿਦਿਆਰਥੀ ਦਸਵੀਂ ਜਮਾਤ ਦੇ ਹਨ ਤੇ 16 ਸਤੰਬਰ ਨੂੰ ਹੋਣ ਵਾਲੇ ਗਣਿਤ ਦੇ ਪੇਪਰ ਨੂੰ ਰੱਦ ਕਰਨਾ ਚਾਹੁੰਦੇ ਸਨ। ਇਸੇ ਲਈ ਉਹਨਾਂ ਨੇ ਇਹ ਧਮਕੀ ਭਰਿਆ ਮੈਸੇਜ ਵਾਇਰਲ ਕਰ ਦਿੱਤਾ।
ਇਨ੍ਹਾਂ ਬੱਚਿਆਂ ਨੇ ਮੈਸੇਜ ‘ਚ ਲਿਖਿਆ- ‘ਅਸਲਾਮ ਵਾਲੇਕੁਮ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ‘ਚ 16 ਸਤੰਬਰ 2022 ਸੀ-ਫਾਰ ਪਲਾਂਟੇਸ਼ਨ ਹੋਵੇਗੀ ਤੇ ਉਸ ਦਿਨ ਹੀ ਧਮਾਕਾ ਹੋਵੇਗਾ, ਅੱਲ੍ਹਾ ਹਾਫਿਜ਼। ਇੰਨਾ ਲਿਖ ਕੇ ਮੈਸੇਜ ਵਾਇਰਲ ਕਰ ਦਿੱਤਾ। ਬੱਚਿਆਂ ਨੇ ਸੋਚਿਆਂ ਇਸ ਧਮਕੀ ਨਾਲ ਉਨ੍ਹਾਂ ਦਾ ਗਣਿਤ ਦਾ ਪੇਪਰ ਰੱਦ ਹੋ ਜਾਵੇਗਾ ਤੇ ਉਨ੍ਹਾਂ ਨੂੰ ਰਾਹਤ ਮਿਲੇਗੀ।
ਜਦੋਂ ਪੁਲਿਸ ਨੇ ਇਨ੍ਹਾਂ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਇਸ ਵਿੱਚ ਕਈ ਜਾਣਕਾਰੀਆਂ ਦਾ ਖੁਲਾਸਾ ਕੀਤਾ। ਪੁਲਿਸ ਜਾਂਚ ‘ਚ ਜਦੋਂ ਇਨ੍ਹਾਂ ਬੱਚਿਆਂ ਦੇ ਮੋਬਾਇਲਾਂ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਾ ਕਿ 10ਵੀਂ ਜਮਾਤ ਦੇ ਦੋਵੇਂ ਵਿਦਿਆਰਥੀਆਂ ਨੇ ਇੰਸਟਾਗ੍ਰਾਮ ‘ਤੇ ਤਿੰਨ ਫਰਜ਼ੀ ਅਕਾਊਂਟ ਬਣਾਏ ਹੋਏ ਸਨ। ਇਹ ਮੋਬਾਈਲ ਬੱਚੇ ਹੀ ਵਰਤ ਰਹੇ ਸਨ, ਜਦਕਿ ਸਿਮ ਉਨ੍ਹਾਂ ਦੇ ਪਿਤਾ ਦੇ ਨਾਂ ‘ਤੇ ਸੀ। ਪੁਲਿਸ ਨੇ ਦੋਵੇਂ ਮੋਬਾਈਲ ਜ਼ਬਤ ਕਰ ਲਏ ਹਨ। ਪੁਲੀਸ ਨੇ ਦੋਵਾਂ ਬੱਚਿਆਂ ਦੇ ਪਿਤਾ ਦਵਿੰਦਰ ਸਿੰਘ ਅਤੇ ਰੋਹਿਤ ਮਰਵਾਹਾ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲੈ ਲਿਆ ਹੈ।
ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੰਦੇਸ਼ ਵਿੱਚ ਜਿਸ ਸੀ-ਫਾਰ ਬੰਬ ਦਾ ਜ਼ਿਕਰ ਕੀਤਾ ਗਿਆ ਹੈ, ਉਹ ਨਾ ਤਾਂ ਅੱਜ ਤੱਕ ਬਰਾਮਦ ਹੋਇਆ ਹੈ ਤੇ ਨਾ ਹੀ ਅੱਜ ਤੱਕ ਦੇਸ਼ ਵਿੱਚ ਕਿਤੇ ਵੀ ਉਸ ਬੰਬ ਨਾਲ ਧਮਾਕਾ ਹੋਇਆ ਹੈ। ਇਹ ਸਿਰਫ pubg ਗੇਮ ਵਿੱਚ ਵਰਤਿਆ ਜਾਂਦਾ ਹੈ। ਉਨ੍ਹਾਂ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਦੁਰਵਰਤੋਂ ਨਾ ਕਰਨ ਲਈ ਲਗਾਤਾਰ ਜਾਗਰੂਕ ਕਰਨ। ਇੰਨਾ ਹੀ ਨਹੀਂ ਸੂਚਨਾ ਤੇ ਤਕਨਾਲੋਜੀ ਦੇ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਬੱਚੇ ਅਜਿਹੀ ਗ਼ਲਤੀ ਨਾ ਕਰ ਸਕਣ, ਜਿਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪਵੇਗਾ।