ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਸਫਲਤਾ, ਫਿਰੋਜ਼ਪੁਰ ਦੇ ਸਿਵਲ ਸਰਜਨ ਦਾ ਡਰਾਈਵਰ 35 ਕਰੋੜ ਦੀ ਹੈਰੋਇਨ ਸਣੇ ਤਸਕਰ ਕੀਤਾ ਗ੍ਰਿਫਤਾਰ

0
399

ਅੰਮ੍ਰਿਤਸਰ, 9 ਦਸੰਬਰ | ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ 35 ਕਰੋੜ ਦੀ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਸਮੱਗਲਰ ਫਾਰਚੂਨਰ ਕਾਰ ਵਿਚ ਸਫਰ ਕਰ ਰਿਹਾ ਸੀ। ਪੁਲਿਸ ਨੇ ਲੁਹਾਰਕਾ ਰੋਡ ‘ਤੇ ਲਗਾਏ ਗਏ ਨਾਕੇ ‘ਤੇ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਫਾਰਚੂਨਰ ਕਾਰ ਵਿਚ ਸਵਾਰ ਵਿਅਕਤੀ ਫ਼ਿਰੋਜ਼ਪੁਰ ਦੇ ਸਿਵਲ ਸਰਜਨ ਦਾ ਡਰਾਈਵਰ ਹੈ।

ਫੜੇ ਗਏ ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਸੀਆਈਏ ਸਟਾਫ਼ ਨੇ ਲੋਹਾਰਕਾ ਰੋਡ ‘ਤੇ ਨਾਕਾਬੰਦੀ ਦੌਰਾਨ ਗੁਰਵੀਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 5 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੁਲਜ਼ਮ ਨੇ ਦੱਸਿਆ ਕਿ ਉਹ ਇਹ ਖੇਪ ਅੰਮ੍ਰਿਤਸਰ ਬਾਰਡਰ ਤੋਂ ਬਰਾਮਦ ਕਰ ਕੇ ਆਪਣੇ ਨਾਲ ਫ਼ਿਰੋਜ਼ਪੁਰ ਲੈ ਜਾ ਰਿਹਾ ਸੀ ਪਰ ਉਸ ਨੂੰ ਪੁਲਿਸ ਨੇ ਰਸਤੇ ਵਿਚ ਹੀ ਫੜ ਲਿਆ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਸਕਰ ਗੁਰਵੀਰ ਸਿੰਘ ਇੱਕ ਆਮ ਡਰਾਈਵਰ ਹੈ, ਜੋ 2021 ਤੋਂ ਠੇਕੇ ‘ਤੇ ਸਿਵਲ ਸਰਜਨ ਦਫ਼ਤਰ ਵਿਚ ਨੌਕਰੀ ਕਰਦਾ ਸੀ। ਕੁਝ ਸਮਾਂ ਪਹਿਲਾਂ ਉਹ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਸੀ। ਗਲਤ ਕੰਮਾਂ ‘ਚ ਪੈਸਾ ਦੇਖ ਕੇ ਉਹ ਲਾਲਚ ‘ਚ ਫਸ ਗਿਆ ਅਤੇ ਨਸ਼ੇ ਦੀ ਤਸਕਰੀ ਸ਼ੁਰੂ ਕਰ ਦਿੱਤੀ। ਮੁਲਜ਼ਮ ਤਿੰਨ ਸਾਲ ਪਹਿਲਾਂ ਹੀ ਇਸ ਨੈੱਟਵਰਕ ਨਾਲ ਜੁੜਿਆ ਹੋਇਆ ਸੀ।

ਇਸ ਨੈੱਟਵਰਕ ਵਿਚ ਉਸ ਦਾ ਇੱਕ ਸਾਥੀ ਵੀ ਹੈ। ਜਦੋਂ ਉਸ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਉਸ ਨੇ ਤਸਕਰੀ ਲਈ ਅੰਮ੍ਰਿਤਸਰ ਸੈਕਟਰ ਨੂੰ ਚੁਣਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਨੈੱਟਵਰਕ ਦੀ ਇੱਕ ਕੜੀ ਹੈ। ਇੱਕ ਵਿਅਕਤੀ ਚੁੱਕ ਕੇ ਦੂਜੇ ਨੂੰ ਸੌਂਪ ਦਿੰਦਾ ਹੈ। ਮੁਲਜ਼ਮ ਦਾ ਸਾਥੀ ਵੀ ਫੜਿਆ ਜਾਣਾ ਬਾਕੀ ਹੈ, ਇਸ ਲਈ ਪੁਲਿਸ ਫਿਲਹਾਲ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਜਲਦੀ ਹੀ ਪੁਲਿਸ ਇਸ ਮਾਮਲੇ ਵਿਚ ਹੋਰ ਵੀ ਕਈ ਤਸਕਰਾਂ ਨੂੰ ਗ੍ਰਿਫਤਾਰ ਕਰੇਗੀ।