ਵੱਡੀ ਖਬਰ : 30 ਕਿਲੋਮੀਟਰ ਰਾਵੀ ਦਰਿਆ ਤੈਰ ਕੇ ਪਾਕਿਸਤਾਨ ਪੁੱਜੇ ਦੋ ਪੰਜਾਬੀ, 50 ਕਿੱਲੋ ਹੈਰੋਇਨ ਲੈ ਕੇ ਮੁੜੇ

0
6120

ਚੰਡੀਗੜ੍ਹ| 5 ਲੱਖ ਰੁਪਏ ਦੇ ਲਾਲਚ ਵਿਚ ਪੰਜਾਬ ਦੇ ਦੋ ਤਸਕਰ ਰਾਵੀ ਦਰਿਆ ‘ਚ 30 ਕਿਲੋਮੀਟਰ ਤੈਰ ਕੇ ਪਾਕਿਸਤਾਨ ਪਹੁੰਚ ਗਏ। ਦੋ ਦਿਨ ਸਰਹੱਦ ਪਾਰ ਰਹਿਣ ਤੋਂ ਬਾਅਦ ਉਹ 50 ਕਿਲੋ ਹੈਰੋਇਨ ਲੈ ਕੇ ਰਾਵੀ ਦੇ ਰਸਤੇ ਭਾਰਤ ਪਰਤੇ। ਸਰਹੱਦ ‘ਤੇ ਸਖ਼ਤ ਨਿਗਰਾਨੀ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਕਿਸੇ ਨੂੰ ਇਸ ਦੀ ਭਿਣਕ ਤੱਕ ਨਹੀਂ ਪਈ। ਹੈਰੋਇਨ ਦੀ ਖੇਪ ਸਮੇਤ ਫੜੇ ਗਏ ਸਮੱਗਲਰ ਜੋਗਾ ਸਿੰਘ ਦੇ ਇਸ ਖੁਲਾਸੇ ਨੇ ਸਰਹੱਦੀ ਸੁਰੱਖਿਆ ‘ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

17 ਅਗਸਤ ਨੂੰ ਜਲੰਧਰ ‘ਚ 8 ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਗਏ ਲੁਧਿਆਣਾ ਦੇ ਜੋਗਾ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਜੀਜਾ ਸ਼ਿੰਦਰ ਵਾਸੀ ਟੇਂਡੀਆਂਵਾਲਾ, ਫ਼ਿਰੋਜ਼ਪੁਰ ਨਸ਼ਾ ਵੇਚਦਾ ਹੈ। ਉਸ ਨੇ ਜੋਗਾ ਸਿੰਘ ਨੂੰ ਕਾਲਾ ਸਿੰਘ ਅਤੇ ਰੰਗੀ ਨਾਲ ਮਿਲਾਇਆ ਸੀ। ਕਾਲਾ ਸਿੰਘ ਨੇ ਜੋਗਾ ਸਿੰਘ ਨੂੰ ਲਾਲਚ ਦਿੱਤਾ ਕਿ ਜੇਕਰ ਉਹ ਰੰਗੀ ਨਾਲ ਪਾਕਿਸਤਾਨ ਤੋਂ ਹੈਰੋਇਨ ਲਿਆਵੇ ਤਾਂ ਉਸ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।
30 ਜੁਲਾਈ ਦੀ ਰਾਤ ਨੂੰ ਪਾਕਿਸਤਾਨ ਗਿਆ ਸੀ

30 ਜੁਲਾਈ 2023 ਨੂੰ ਜੋਗਾ ਸਿੰਘ ਅਤੇ ਰੰਗੀ ਨੇ ਪਾਕਿਸਤਾਨ ਜਾਣ ਦੀ ਤਿਆਰੀ ਕੀਤੀ। ਦੋਵੇਂ ਰਾਤ ਕਰੀਬ 10 ਵਜੇ ਸੁਲਤਾਨ ਪਿੰਡ ਨੇੜੇ ਰਾਵੀ ‘ਚ ਉਤਰੇ। ਦੋਵਾਂ ਨੇ ਆਪਣੇ ਨਾਲ ਪੰਜ-ਪੰਜ ਲੀਟਰ ਦਾ ਖਾਲੀ ਕੈਨ ਬੰਨ੍ਹ ਲਏ ਸਨ, ਤਾਂ ਜੋ ਉਹ ਰਾਵੀ ਵਿੱਚ ਨਾ ਡੁੱਬ ਜਾਣ। ਜੋਗਾ ਸਿੰਘ ਅਤੇ ਰੰਗੀ ਸਾਰੀ ਰਾਤ ਨਦੀ ਵਿੱਚ ਤੈਰਦੇ ਰਹੇ ਅਤੇ ਅਗਲੀ ਸਵੇਰ 4 ਵਜੇ ਤੱਕ ਕਰੀਬ 30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਾਕਿਸਤਾਨ ਪਹੁੰਚ ਗਏ। ਪਾਣੀ ਵਿਚ ਹੋਣ ਕਾਰਨ ਸਰੀਰ ਕਾਫੀ ਸੁੰਨ ਹੋ ਚੁੱਕਾ ਸੀ। 31 ਜੁਲਾਈ ਦੀ ਸਵੇਰ ਚਾਰ ਵਜੇ ਤਿੰਨ ਵਿਅਕਤੀਆਂ ਨੇ ਟਾਰਚਲਾਈਟ ਜਗਾ ਕੇ ਉਨ੍ਹਾਂ ਨੂੰ ਨਦੀ ਵਿੱਚੋਂ ਬਾਹਰ ਕੱਢਿਆ।

ਮੱਕੀ ਦੇ ਖੇਤ ਵਿੱਚ ਦੋ ਦਿਨ ਬਿਤਾਏ
ਜੋਗਾ ਸਿੰਘ ਨੇ ਦੱਸਿਆ ਕਿ ਤਿੰਨੋਂ ਉਸ ਨੂੰ ਕੱਚੇ ਘਰ ਲੈ ਗਏ। ਉਥੇ ਕੱਪੜੇ ਬਦਲੇ ਗਏ ਅਤੇ ਭਾਰਤ ਵਿਚ ਕਾਲਾ ਸਿੰਘ ਨਾਲ ਰੰਗੀ ਦੀ ਗੱਲ ਕਰਵਾਈ ਗਈ। ਸੱਤ ਵਜੇ ਨਾਸ਼ਤਾ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਥੇ ਕੋਈ ਆ ਸਕਦਾ ਹੈ, ਇਸ ਲਈ ਉਹ ਸਾਨੂੰ ਮੱਕੀ ਦੇ ਖੇਤ ਵਿੱਚ ਲੈ ਗਏ। ਪਾਕਿਸਤਾਨੀ ਤਸਕਰ ਸ਼ਾਮ ਨੂੰ ਉਨ੍ਹਾਂ ਨੂੰ ਖਾਣਾ-ਪਾਣੀ ਦੇ ਕੇ ਉੱਥੋਂ ਚਲੇ ਗਏ। 1 ਅਗਸਤ ਨੂੰ ਸਵੇਰੇ ਅੱਠ ਵਜੇ ਤਸਕਰ ਦੁਬਾਰਾ ਨਾਸ਼ਤਾ ਦੇਣ ਆਏ ਸਨ।

ਸੂਤਰਾਂ ਅਨੁਸਾਰ ਜੋਗਾ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ 1 ਅਗਸਤ ਨੂੰ ਰਾਤ 10 ਵਜੇ ਖਾਣਾ ਦਿੱਤਾ ਗਿਆ ਸੀ ਅਤੇ ਝੋਨੇ ਦੇ ਖੇਤਾਂ ਵਿੱਚ ਦੋ ਕਿਲੋਮੀਟਰ ਤੱਕ ਪੈਦਲ ਚੱਲ ਕੇ ਦਰਿਆ ਕੰਢੇ ਲਿਜਾਇਆ ਗਿਆ ਸੀ। ਇਸ ਦੌਰਾਨ ਕੋਈ ਵੀ ਪਾਕਿ ਰੇਂਜਰ ਰਸਤੇ ‘ਚ ਨਜ਼ਰ ਨਹੀਂ ਆਇਆ। ਦਰਿਆ ਦੇ ਕੋਲ ਇੱਕ ਹੋਰ ਤਸਕਰ ਮਿਲਿਆ, ਜਿਸ ਕੋਲ ਦੋ ਬੋਰੀਆਂ ਸਨ। ਇਕ ਬੋਰੀ 22 ਪੈਕਟ ਹੈਰੋਇਨ ਨਾਲ ਭਰੀ ਹੋਈ ਸੀ। ਇਸ ਨੂੰ ਤਰਪਾਲ ਵਿੱਚ ਕੱਸ ਕੇ ਜੋਗਾ ਸਿੰਘ ਦੀ ਬਾਂਹ ਨਾਲ ਬੰਨ੍ਹ ਦਿੱਤਾ। ਇਸੇ ਤਰ੍ਹਾਂ ਰੰਗੀ ਨੇ 25 ਪੈਕਟਾਂ ਵਾਲਾ ਬੈਗ ਬੰਨ੍ਹ ਲਿਆ।

ਉਥੋਂ ਪਾਣੀ ਦਾ ਵਹਾਅ ਭਾਰਤ ਵੱਲ ਬਹੁਤ ਤੇਜ਼ ਸੀ। ਰਾਤ 12 ਵਜੇ ਉਨ੍ਹਾਂ ਨੂੰ ਇਹ ਕਹਿ ਕੇ ਦਰਿਆ ਵਿੱਚ ਉਤਾਰ ਦਿੱਤਾ ਗਿਆ ਕਿ ਪਾਣੀ ਦਾ ਵਹਾਅ ਉਨ੍ਹਾਂ ਨੂੰ ਪਿੰਡ ਟੇਂਡੀਵਾਲਾ ਤੱਕ ਹੀ ਲੈ ਜਾਵੇਗਾ। ਚਾਰ ਘੰਟਿਆਂ ਵਿੱਚ ਅਸੀਂ ਪਿੰਡ ਟੇਂਡੀਵਾਲਾ ਪਹੁੰਚ ਗਏ, ਜਿੱਥੇ ਕਾਲਾ ਸਿੰਘ ਸਾਡਾ ਸਵਾਗਤ ਕਰਨ ਲਈ ਖੜ੍ਹਾ ਸੀ। ਹੈਰੋਇਨ ਦਾ ਨਿਪਟਾਰਾ ਕਰਨ ਤੋਂ ਬਾਅਦ ਜੋਗਾ ਸਿੰਘ ਅਤੇ ਰੰਗੀ ਅੱਠ ਵਜੇ ਦੇ ਕਰੀਬ ਆਪਣੇ ਪਿੰਡ ਟੇਂਡੀਵਾਲਾ ਵਾਪਸ ਆ ਗਏ।

ਜੋਗਾ ਸਿੰਘ ਨੂੰ ਸਪਲਾਈ ਕਰਦੇ ਹੋਏ ਫੜਿਆ ਗਿਆ
ਐਸਐਸਪੀ ਜਲੰਧਰ ਦੇਹਤ ਨੇ ਦੱਸਿਆ ਕਿ ਜੋਗਾ ਸਿੰਘ ਨਸ਼ੇ ਦੀ ਖੇਪ ਪਹੁੰਚਾਉਣ ਲਈ ਗੁਰਾਇਆ ਆਇਆ ਸੀ। ਪੁਲਿਸ ਨੂੰ ਇਸ ਦੀ ਭਿਣਕ ਮਿਲ ਗਈ। ਗੁਰਾਇਆ ਦੇ ਪਿੰਡ ਧੁਲੇਟਾ ਵਿੱਚ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਜਿਵੇਂ ਹੀ ਜੋਗਾ ਸਿੰਘ ਮੋਟਰਸਾਈਕਲ ‘ਤੇ ਨਸ਼ੇ ਦੀ ਖੇਪ ਪਹੁੰਚਾਉਣ ਲਈ ਪਹੁੰਚਿਆ ਤਾਂ ਉਸ ਨੂੰ ਪੁਲਸ ਨੇ ਦਬੋਚ ਲਿਆ। ਜੋਗਾ ਸਿੰਘ ਮੋਟਰਸਾਈਕਲ ’ਤੇ ਬੈਗ ਵਿੱਚ ਅੱਠ ਕਿਲੋ ਹੈਰੋਇਨ ਲੈ ਕੇ ਜਾ ਰਿਹਾ ਸੀ।

ਰੰਗੀ ਅਜੇ ਫਰਾਰ ਹੈ
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਰੰਗੀ ਅਤੇ ਮਸਤਗੀ ਕੋਲ ਕਰੀਬ 6.5 ਕਿਲੋ ਹੈਰੋਇਨ ਹੈ ਅਤੇ ਪੁਲਿਸ ਦੀਆਂ ਟੀਮਾਂ ਦੋਵਾਂ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਐਸਐਸਪੀ ਦਿਹਾਤ ਮੁਖਵਿੰਦਰ ਸਿੰਘ ਭੁੱਲਰ ਦਾ ਵੀ ਕਹਿਣਾ ਹੈ ਕਿ ਤਸਕਰ ਜੋਗਾ ਸਿੰਘ ਅਤੇ ਰੰਗੀ ਰਾਵੀ ਦਰਿਆ ਦੇ ਵਹਾਅ ਨਾਲ ਪਾਕਿਸਤਾਨ ਚਲੇ ਗਏ ਸਨ ਅਤੇ ਦੋ ਦਿਨ ਉਥੇ ਰਹਿਣ ਤੋਂ ਬਾਅਦ ਹੈਰੋਇਨ ਦੀ ਖੇਪ ਲੈ ਕੇ ਵਾਪਸ ਭਾਰਤ ਆਏ ਸਨ। ਜਾਂਚ ਵਿੱਚ ਇਹ ਗੱਲ ਸਾਫ਼ ਹੋ ਗਈ ਹੈ। –