ਵੱਡੀ ਖਬਰ : ਪੰਜਾਬ ਸਰਕਾਰ ਖਰੀਦ ਏਜੰਸੀਆਂ ਦੇ ਹੜਤਾਲੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ‘ਚ

0
275

ਚੰਡੀਗੜ੍ਹ | ਬਹੁ-ਕਰੋੜੀ ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘੁਟਾਲੇ ਦੀ ਵਿਜੀਲੈਂਸ ਜਾਂਚ ਦੇ ਵਿਰੋਧ ਵਿਚ ਪੰਜਾਬ ਦੀਆਂ ਅਨਾਜ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਸ਼ੁਰੂ ਕੀਤੀ ਹੜਤਾਲ ਜਾਰੀ ਹੈ। ਹੜਤਾਲ ਨੂੰ ਲੈ ਕੇ ਸੂਬਾ ਸਰਕਾਰ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਸਰਕਾਰ ਇਸ ਮਾਮਲੇ ਚ ਸਖਤ ਕਾਰਵਾਈ ਕਰਨ ਦੀ ਤਿਆਰੀ ਵਿਚ ਦੱਸੀ ਜਾ ਰਹੀ ਹੈ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਸਪੱਸ਼ਟ ਕੀਤਾ ਹੈ ਕਿ ਟੈਂਡਰ ਘੁਟਾਲੇ ਦੀ ਵਿਜੀਲੈਂਸ ਜਾਂਚ ਤੋਂ ਬਾਅਦ ਹੜਤਾਲੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਦਾ ਸਿੱਧਾ ਮਤਲਬ ਹੈ ਕਿ ਇਹ ਜਾਂਚ ਨਹੀਂ ਰੁਕੇਗੀ। ਇਸ ਦੌਰਾਨ ਅਨਾਜ ਭਵਨ ਵਿਖੇ ਹੜਤਾਲ ਤੇ ਬੈਠੇ ਅਧਿਕਾਰੀਆਂ ਨੇ 7ਵੇਂ ਦਿਨ ਵੀ ਨਾ ਤਾਂ ਮੀਡੀਆ ਨਾਲ ਗੱਲ ਕੀਤੀ ਅਤੇ ਨਾ ਹੀ ਸਰਕਾਰ ਨਾਲ।

ਦੂਜਾ ਪਾਸੇ ਅੱਜ ਐਫ.ਸੀ.ਆਈ. ਦੇ ਸੀ.ਐਮ.ਡੀ. ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਅਨਾਜ ਖਰੀਦ ਏਜੰਸੀਆਂ ਦੀ ਹੜਤਾਲ ਨੂੰ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ। ਹੜਤਾਲ ਕਾਰਨ ਜਿੱਥੇ ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਕੰਮ ਪ੍ਰਭਾਵਿਤ ਹੋਇਆ ਹੈ, ਉਥੇ ਹੀ ਰਾਈਸ ਮਿੱਲਾਂ ਨੂੰ ਝੋਨਾ ਨਾ ਪੁੱਜਣ ਕਾਰਨ ਕੰਮ ਠੱਪ ਹੋ ਕੇ ਰਹਿ ਗਿਆ ਹੈ। ਹੜਤਾਲੀ ਅਫਸਰਾਂ ਦੀ ਯੂਨੀਅਨ ਵਲੋਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਭੇਜੇ ਪੱਤਰ ਵਿਚ ਵਿਜੀਲੈਂਸ ਵਲੋਂ ਟੈਂਡਰ ਘੁਟਾਲੇ ਦੀ ਜਾਂਚ ਕਰ ਕੇ ਖਰੀਦ ਏਜੰਸੀਆਂ ਦੇ ਮੁੱਖ ਦਫਤਰਾਂ, ਮੰਡਲ ਦਫਤਰਾਂ ਅਤੇ ਜ਼ਿਲ੍ਹਾ ਦਫਤਰਾਂ ਵਿਚ ਤਾਇਨਾਤ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਤੇ ਇਤਰਾਜ਼ ਜਤਾਇਆ ਹੈ। ਪੰਜਾਬ ਵਿਚ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਹੜਤਾਲ ਕਾਰਨ ਝੋਨੇ ਦੀ ਖਰੀਦ ਅਤੇ ਮਿਲਿੰਗ ਦੇ ਕੰਮ ਵਿਚ ਆਈ ਰੁਕਾਵਟ ਦੇ ਮੱਦੇਨਜ਼ਰ, ਐਫ.ਸੀ.ਆਈ. ਦੇ ਸੀ.ਐਮ.ਡੀ. ਅਸ਼ੋਕ ਕੇ.ਕੇ. ਮੀਨਾ ਨੇ ਸੂਬੇ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਪੱਤਰ ਲਿਖ ਕੇ ਹੜਤਾਲ ਦਾ ਤੁਰੰਤ ਹੱਲ ਕਰਨ ਦੀ ਬੇਨਤੀ ਕੀਤੀ ਹੈ।