ਜਲੰਧਰ, 20 ਨਵੰਬਰ | ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਖਤਮ ਹੋ ਗਈ ਹੈ। ਮੰਤਰੀ ਚੀਮਾ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਅੱਗੇ ਭੇਜਿਆ ਜਾਵੇਗਾ ਤੇ ਗੰਨੇ ਨੂੰ ਲੈ ਕੇ 1-2 ਦਿਨਾਂ ਵਿਚ ਫੈਸਲਾ ਲਿਆ ਜਾਵੇਗਾ। ਬੈਠਕ ਤੋਂ ਬਾਅਦ ਖਜ਼ਾਨਾ ਮੰਤਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਕਿਹਾ ਕਿ ਚੰਗੇ ਮਾਹੌਲ ਵਿਚ ਕਿਸਾਨਾਂ ਦੀਆਂ ਮੰਗਾਂ ਉਤੇ ਗੱਲ ਹੋਈ।
ਦੱਸ ਦਈਏ ਕਿ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਕਿਸਾਨਾਂ ਦਾ ਧਰਨਾ ਜਾਰੀ ਸੀ। ਕਿਸਾਨਾਂ ਨੇ ਨੈਸ਼ਨਲ ਹਾਈਵੇ ‘ਤੇ ਹੀ ਰਾਤ ਕੱਟੀ। ਕਿਸਾਨਾਂ ਨੇ ਕਿਹਾ ਸੀ ਕਿ ਅੱਜ ਸ਼ਾਮ ਤਕ ਸਰਕਾਰ ਨਾਲ ਮੀਟਿੰਗ ਨਹੀਂ ਹੋਈ ਤਾਂ ਕਿਸਾਨ ਜਲੰਧਰ ਦੇ ਧਨੋਵਾਲੀ ਨੇੜੇ ਰੇਲਾਂ ਵੀ ਰੋਕ ਦੇਣਗੇ।
ਇਹ ਫੈਸਲਾ ਦੇਰ ਰਾਤ ਕਿਸਾਨਾਂ ਦੀ ਮੀਟਿੰਗ ਵਿਚ ਲਿਆ ਗਿਆ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਖਤਮ ਨਹੀਂ ਕੀਤਾ ਜਾਵੇਗਾ। ਇਹ ਧਰਨਾ ਧੰਨੋਵਾਲੀ ਗੇਟ ਨੇੜੇ ਲਾਇਆ ਸੀ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਗੰਨੇ ਦੇ ਰੇਟ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਜਲੰਧਰ-ਲੁਧਿਆਣਾ ਮੁੱਖ ਮਾਰਗ ‘ਤੇ ਬੈਠੀਆਂ ਹੋਈਆਂ ਸਨ। ਸੋਮਵਾਰ ਦੇਰ ਸ਼ਾਮ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਕਿਸਾਨਾਂ ਨਾਲ ਮੁਲਾਕਾਤ ਕੀਤੀ। ਜਿਥੇ ਉਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੇ ਵਿਚਾਰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਭਰੋਸਾ ਦੇਣ ਤੋਂ ਬਾਅਦ ਵੀ ਧਰਨਾ ਖਤਮ ਨਹੀਂ ਕੀਤਾ ਸੀ।
ਕਿਸਾਨਾਂ ਨੇ ਮੰਗਲਵਾਰ ਨੂੰ ਜਲੰਧਰ-ਲੁਧਿਆਣਾ ਮੁੱਖ ਮਾਰਗ ‘ਤੇ ਟੈਂਟ ਲਗਾ ਦਿੱਤੇ ਸਨ। ਧਰਨੇ ਵਿਚ ਦੂਰੋਂ-ਦੂਰੋਂ ਕਿਸਾਨ ਜਥੇਬੰਦੀਆਂ ਪੁੱਜੀਆਂ ਸਨ। ਪੁਲਿਸ ਹਾਈਵੇ ’ਤੇ ਆਵਾਜਾਈ ਠੱਪ ਕਰਕੇ ਦੇਰ ਰਾਤ ਤੱਕ ਸੰਘਰਸ਼ ਕਰਦੀ ਰਹੀ। ਦੱਸ ਦਈਏ ਕਿ ਹਾਈਵੇਅ ‘ਤੇ ਜਾਮ ਕਾਰਨ ਸ਼ਹਿਰ ‘ਚ ਟਰੈਫਿਕ ਦਾ ਵੀ ਬੁਰਾ ਹਾਲ ਸੀ।
ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਮਿੱਲ ਨਾ ਚੱਲਣ ਕਰਕੇ ਗੰਨਾ ਕਾਸ਼ਤਕਾਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੀ ਗੰਨੇ ਦੀ ਫਸਲ ਤਿਆਰ ਹੈ ਅਤੇ ਸਰਕਾਰ ਨੇ ਅਜੇ ਤੱਕ ਮਿੱਲਾਂ ਨਹੀਂ ਖੋਲ੍ਹੀਆਂ। ਨਾ ਹੀ ਗੰਨੇ ਦੇ ਰੇਟ ਵਧਾਏ ਜਾ ਰਹੇ ਹਨ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਨਾਲ ਮੀਟਿੰਗ ਵੀ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਕੋਈ ਸਿੱਟਾ ਨਹੀਂ ਕੱਢਿਆ ਗਿਆ, ਜਿਸ ਕਾਰਨ ਹਾਈਵੇਅ ਜਾਮ ਕਰਨਾ ਪਿਆ। ਕਿਸਾਨਾਂ ਨੇ ਕਿਹਾ ਕਿ ਸਾਡਾ ਕਿਸੇ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਜਲੰਧਰ ਕਮਿਸ਼ਨਰੇਟ ਅਤੇ ਦਿਹਾਤ ਪੁਲਿਸ ਨੇ ਸੁਰੱਖਿਆ ਲਈ ਕਰਮਚਾਰੀ ਤਾਇਨਾਤ ਕੀਤੇ ਸਨ। ਕਿਸਾਨਾਂ ਨੇ ਮੰਗ ਕੀਤੀ ਸੀ ਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਇਹ ਪ੍ਰਦਰਸ਼ਨ ਵੱਖ-ਵੱਖ ਸ਼ਹਿਰਾਂ ਵਿਚ ਜਾਰੀ ਰਹਿਣਗੇ।