ਵੱਡੀ ਖਬਰ : ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਦੇ ਮਾਮਲੇ ‘ਚ PU ਪਟਿਆਲਾ ਵੱਲੋਂ ਪ੍ਰੋ. ਸੁਰਜੀਤ ਸਿੰਘ ਮੁਅੱਤਲ; ਲੱਗੇ ਗੰਭੀਰ ਇਲਜ਼ਾਮ

0
1496

ਪਟਿਆਲਾ, 9 ਨਵੰਬਰ | ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਦਿਨੀਂ ਵਾਪਰੇ ਅਣਸੁਖਾਵੇਂ ਘਟਨਾਕ੍ਰਮ ਬਾਬਤ ਸ਼ੁਰੂ ਕੀਤੀਆਂ ਕਾਰਵਾਈਆਂ ਅਗਲੇ ਪੜਾਅ ਵਿਚ ਪਹੁੰਚ ਗਈਆਂ ਹਨ। ਪੰਜਾਬੀ ਯੂਨੀਵਰਸਿਟੀ ਨੇ ਪ੍ਰੋ. ਸੁਰਜੀਤ ਸਿੰਘ ਵੱਲੋਂ ਚਾਰਜਸ਼ੀਟ ਦਾ ਜਵਾਬ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਵਿਭਾਗੀ ਜਾਂਚ ਸੇਵਾਮੁਕਤ ਜ਼ਿਲ੍ਹਾ ਸੈਸ਼ਨ ਜੱਜ ਵੀਕੇ ਗੁਪਤਾ ਦੇ ਹਵਾਲੇ ਕਰ ਦਿੱਤੀ ਹੈ।

ਅੱਜ ਯੂਨੀਵਰਸਿਟੀ ਦੀ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਪ੍ਰੋ. ਸੁਰਜੀਤ ਸਿੰਘ ਦੀ ਮੁਅੱਤਲੀ ਦਾ ਹੁਕਮ ਜਾਰੀ ਕਰ ਦਿੱਤਾ ਹੈ। ਮੁਅੱਤਲੀ ਦੌਰਾਨ ਪ੍ਰੋ. ਸੁਰਜੀਤ ਸਿੰਘ ਦਾ ਹੈੱਡ ਕੁਆਰਟਰ ਯੂਨੀਵਰਸਿਟੀ ਕਾਲਜ ਘਨੌਰ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਹਿੰਸਾ ਕਰਨ ਦੇ ਮਾਮਲੇ ਦੀ ਜਾਂਚ ਅਗਲੇ ਪੜਾਅ ਵਿਚ ਪਹੁੰਚ ਗਈ ਹੈ। ਪ੍ਰੋਫੈਸਰ ਖ਼ਿਲਾਫ਼ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਮੁੱਢਲੀ ਜਾਂਚ ਸੇਵਾਮੁਕਤ ਵਧੀਕ ਸੈਸ਼ਨ ਜੱਜ ਜਸਵਿੰਦਰ ਸਿੰਘ ਨੇ ਕੀਤੀ ਸੀ। ਉਪਰੰਤ ਉਨ੍ਹਾਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਪ੍ਰੋ. ਸੁਰਜੀਤ ਸਿੰਘ ਨੂੰ ਚਾਰਜਸ਼ੀਟ ਦਾ ਜਵਾਬ ਦੇਣ ਲਈ 15 ਦਿਨ ਦਿੱਤੇ ਗਏ ਸਨ। ਹੁਣ ਪ੍ਰੋ. ਸੁਰਜੀਤ ਸਿੰਘ ਦਾ ਜਵਾਬ ਆਉਣ ਪਿੱਛੋਂ ਯੂਨੀਵਰਸਿਟੀ ਨੇ ਅਗਲੀ ਕਾਰਵਾਈ ਲਈ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਦੀਆਂ ਕੁੱਝ ਸ਼ਿਕਾਇਤਾਂ ਪ੍ਰੋ. ਸੁਰਜੀਤ ਸਿੰਘ ਖ਼ਿਲਾਫ਼ ਆਈਆਂ ਸਨ। ਮੁੱਢਲੀ ਜਾਂਚ ਰਿਪੋਰਟ ਵਿੱਚ ਦਰਜ ਕੀਤਾ ਗਿਆ ਸੀ ਕਿ ਪ੍ਰੋ. ਸੁਰਜੀਤ ਦਾ ਵਿਦਿਆਰਥੀਆਂ ਨਾਲ ਵਿਹਾਰ ਮਾੜਾ ਹੈ ਜੋ ਅਧਿਆਪਕ ਦੇ ਅਹੁਦੇ ਨਾਲ ਮੇਲ਼ ਨਹੀਂ ਖਾਂਦਾ। ਪ੍ਰੋ. ਸੁਰਜੀਤ ਸਿੰਘ ਵੱਲੋਂ ਚਾਰਜਸ਼ੀਟ ਦਾ ਜਵਾਬ ਦਰਜ ਕਰਵਾਏ ਜਾਣ ਤੋਂ ਬਾਅਦ ਪਾਇਆ ਗਿਆ ਹੈ ਕਿ ਉਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕਰਨੀ ਬਣਦੀ ਹੈ। ਅਗਲੀ ਕਾਰਵਾਈ ਤੋਂ ਪਹਿਲਾਂ ਛੁੱਟੀ ’ਤੇ ਚੱਲ ਰਹੇ ਪ੍ਰੋ. ਸੁਰਜੀਤ ਸਿੰਘ ਨੂੰ ਅੱਠ ਨਵੰਬਰ 2023 ਤੋਂ ਅਗਲੇ ਆਦੇਸ਼ਾਂ ਤੱਕ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।

ਜਸ਼ਨਦੀਪ ਕੌਰ ਇਨਸਾਫ਼ ਮੋਰਚਾ ਵੱਲੋਂ ਚਰਚਾ ਵਿਚ ਆਏ ਪ੍ਰੋਫ਼ੈਸਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿਚ ਮ੍ਰਿਤਕਾ ਜਸ਼ਨਦੀਪ ਕੌਰ ਦਾ ਭਰਾ ਪ੍ਰਦੀਪ ਸਿੰਘ ਅਤੇ ਉਸ ਦੇ ਪਿੰਡ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਤੇ ਗਵਰਨਰ ਤੋਂ ਇਨਸਾਫ਼ ਲਈ ਗੁਹਾਰ ਲਾਈ। ਆਗੂਆਂ ਦੇ ਰੋਸ ਪ੍ਰਦਰਸ਼ਨ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਦੇ ਡੀਨ ਭਲਾਈ ਦੇ ਡਾ. ਹਰਵਿੰਦਰ ਕੌਰ ਨੇ ਮੰਗ ਪੱਤਰ ਲੈਂਦੇ ਹੋਏ ਦੋਸ਼ੀ ਪ੍ਰੋਫੈਸਰ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਪਟਿਆਲਾ ਦੇ ਡੀਐੱਸਪੀ ਜਸਵਿੰਦਰ ਸਿੰਘ ਟਿਣਾਵਾ ਨੇ ਭਰੋਸਾ ਦਿਵਾਇਆ ਕਿ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਪਰੰਤ ਮੋਰਚੇ ਦੇ ਆਗੂਆਂ ਵੱਲੋਂ ਸਹਿਮਤੀ ਲੈਂਦੇ ਹੋਏ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਅਤੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਦੋਸ਼ੀ ਖ਼ਿਲਾਫ਼ ਕਾਰਵਾਈ ਅਮਲ ਵਿਚ ਨਹੀਂ ਲਿਆਉਂਦਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਹਿੰਸਾ ਖ਼ਿਲਾਫ਼ ਸਾਂਝਾ ਮੋਰਚਾ’ ਦਾ ਪੱਕਾ ਧਰਨਾ ਅੱਠਵੇਂ ਦਿਨ ਵੀ ਜਾਰੀ ਰਿਹਾ। ਪ੍ਰਸਿੱਧ ਆਰਟਿਸਟ ਗੁਰਪ੍ਰੀਤ ਬਠਿੰਡਾ ਨੇ ਭੀੜ ਵੱਲੋਂ ਕੀਤੀ ਹਿੰਸਾ ਦੀ ਆਲੋਚਨਾ ਕੀਤੀ ਤੇ ਸ਼ਾਂਤੀਪੂਰਵਕ ਚੱਲ ਰਹੇ ਧਰਨੇ ਦਾ ਅਤੇ ਸੰਵਾਦ ਨੂੰ ਜਾਰੀ ਰੱਖਣ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਪ੍ਰੋ. ਸੁਰਜੀਤ ਸਿੰਘ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਚੱਲ ਰਹੀ ਜਾਂਚ ਵੀ ਅਗਲੇ ਪੜਾਅ ਵੱਲ ਵਧ ਰਹੀ ਹੈ। ਸੁਰੱਖਿਆ ਅਮਲੇ ਵੱਲੋਂ ਘਟਨਾ ਦੇ ਦਿਨ ਦੀ ਸਮੱਗਰੀ ਮੁਹੱਈਆ ਕੀਤੀ ਗਈ ਸੀ, ਜਿਸ ਦੀ ਬੁਨਿਆਦ ’ਤੇ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੌਕੇ ਦੇ ਵੀਡੀਓ ਅਤੇ ਚਸ਼ਮਦੀਦਾਂ ਦੀਆਂ ਗਵਾਹੀਆਂ ਦੇ ਆਧਾਰ ’ਤੇ ਹਿੰਸਾ ਕਰਨ ਵਿਚ ਸ਼ਾਮਿਲ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।

ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਿੰਸਾ ਵਿਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀ ਵਾਰਦਾਤ ਦੇ ਦੁਬਾਰਾ ਹੋਣ ਦੀ ਸੰਭਾਵਨਾ ’ਤੇ ਰੋਕ ਲਾਈ ਜਾ ਸਕੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਉਹ ਹਰ ਗ਼ਲਤੀ ਕਰਨ ਵਾਲੇ ਅਧਿਆਪਕ, ਮੁਲਾਜ਼ਮ ਅਤੇ ਵਿਦਿਆਰਥੀ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਵਚਨਬੱਧ ਹਨ ਤਾਂ ਜੋ ਯੂਨੀਵਰਸਿਟੀ ਦਾ ਅਨੁਸ਼ਾਸਨ ਕਾਇਮ ਰਹੇ।