ਵੱਡੀ ਖਬਰ : ਸਿੱਖ ਗੁਰੂਆਂ ਅਤੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨੂੰ ਫਿਲਮਾਂ ਰਾਹੀਂ ਪੇਸ਼ ਕਰਨ ‘ਤੇ ਰੋਕ

0
6194

ਅੰਮ੍ਰਿਤਸਰ| ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਬਣੀ ਫਿਲਮ ‘ਦਾਸਤਾਨ-ਏ-ਸਰਹੰਦ’ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰਖਦਿਆਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨੂੰ ਕਿਸੇ ਵੀ ਤਰ੍ਹਾਂ ਦੀਆਂ ਫਿਲਮਾਂ ਰਾਹੀਂ ਪੇਸ਼ ਕਰਨ ’ਤੇ ਅਗਲੇ ਹੁਕਮਾਂ ਤੱਕ ਮੁਕੰਮਲ ਰੋਕ ਲਗਾ ਦਿੱਤੀ ਹੈ। ਇਹ ਫ਼ੈਸਲਾ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਉਲੀਕਣ ਲਈ ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘ ਦਲਾਂ ਦੇ ਨੁਮਾਇੰਦਿਆਂ ਦੀ ਇਕ ਸਾਂਝੀ ਕਮੇਟੀ ਗਠਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਿੱਖ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਫਿਲਮਾਂ ਬਣਾਉਣ ਦੇ ਰੁਝਾਨ ਕਾਰਨ ਸਿੱਖ ਸੰਗਤ ਦਾ ਭਾਰੀ ਰੋਸ ਪਾਇਆ ਗਿਆ ਹੈ, ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਕਿਸੇ ਵੀ ਤਰ੍ਹਾਂ ਦੀਆਂ ਫਿਲਮਾਂ ਰਾਹੀਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨੂੰ ਫਿਲਮਾਉਣ ’ਤੇ ਰੋਕ ਲਗਾਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤ ਦੇ ਇਤਰਾਜ਼ ਵਿਚਾਰਨ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਐਨੀਮੇਸ਼ਨ ਰਾਹੀਂ ਵੀ ਅਜਿਹੀ ਕਿਸੇ ਵੀ ਫਿਲਮ ਨੂੰ ਪ੍ਰਵਾਨਗੀ ਨਹੀਂ ਹੋਵੇਗੀ। ਜਿਕਰਯੋਗ ਹੈ ਕਿ ਐਨੀਮੇਟਿਡ ਫਿਲਮ ‘ਛੋਟੇ ਸਾਹਿਬਜ਼ਾਦੇ’ ਦੀ ਕਾਮਯਾਬੀ ਮਗਰੋਂ ਅਜਿਹੀਆਂ ਐਨੀਮੇਸ਼ਨ ਫਿਲਮਾਂ ਬਣਾਉਣ ਦਾ ਰੁਝਾਨ ਵਧ ਗਿਆ ਸੀ ਪਰ ਹੁਣ ‘ਦਾਸਤਾਨ-ਏ-ਸਰਹੰਦ’ ਫਿਲਮ ਦਾ ਭਾਰੀ ਵਿਰੋਧ ਹੋਇਆ ਹੈ ਜਿਸ ਕਾਰਨ ਹੀ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਅਕਾਲੀ ਬਾਬਾ ਫੂਲਾ ਸਿੰਘ ਦੀ ਮਾਰਚ 2023 ’ਚ ਆ ਰਹੀ 200 ਸਾਲਾ ਸ਼ਹੀਦੀ ਸ਼ਤਾਬਦੀ ਬਾਰੇ ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਸਮਾਗਮ ਕੀਤੇ ਜਾਣਗੇ। ਇਸ ਬਾਰੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨਾਲ ਵਿਚਾਰ ਮਗਰੋਂ ਸਾਂਝੀ ਕਮੇਟੀ ਗਠਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਦਲਾਂ ਦੇ ਤਿੰਨ ਤਿੰਨ ਮੈਂਬਰ ਸ਼ਾਮਲ ਕੀਤੇ ਜਾਣਗੇ।

ਧਰਮ ਪ੍ਰਚਾਰ ਲਈ ਵੈਨ ਰਵਾਨਾ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਧਰਮ ਪ੍ਰਚਾਰ ਲਈ ਤਿਆਰ ਕੀਤੀ ਵੈਨ ਵੀ ਰਵਾਨਾ ਕੀਤੀ, ਜੋ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਨਿਗਰਾਨੀ ਹੇਠ ਧਰਮ ਪ੍ਰਚਾਰ ਕਾਰਜ ਲਈ ਵਰਤੀ ਜਾਵੇਗੀ। ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਸਮਾਗਮ ਉਲੀਕੇ ਜਾਣਗੇ। ਇਸ ਸਬੰਧ ਵਿਚ ਇਕ ਵਿਸ਼ੇਸ਼ ਵੈਨ ਤਿਆਰ ਕੀਤੀ ਗਈ ਹੈ, ਜਿਸ ਵਿਚ ਪ੍ਰਚਾਰਕ ਜਥੇ ਪਿੰਡ-ਪਿੰਡ ਜਾਣਗੇ। ਖਾਸ ਕਰਕੇ ਸਰਹੱਦੀ ਇਲਾਕਿਆਂ ਵਿਚ ਜ਼ੋਰ ਦਿੱਤਾ ਜਾਵੇਗਾ। ਇਸ ਤਹਿਤ ਪਿੰਡਾਂ ਵਿਚ ਧਾਰਮਿਕ ਦੀਵਾਨਾਂ ਸਜਾਏ ਜਾਣਗੇ ਅਤੇ ਪ੍ਰਚਾਰਕ ਜਥੇ ਪਰਿਵਾਰਾਂ ਨਾਲ ਸਿੱਖ ਇਤਿਹਾਸ, ਸਿਧਾਂਤਾਂ ਤੇ ਰਹਿਤ ਮਰਿਆਦਾ ਬਾਰੇ ਵਿਚਾਰ ਚਰਚਾ ਕਰਨਗੇ ਤਾਂ ਜੋ ਸੰਗਤ ਸਿੱਖੀ ਦੇ ਮੂਲ ਨੂੰ ਅਸਾਨੀ ਨਾਲ ਸਮਝ ਸਕੇ