ਵੱਡੀ ਖਬਰ : ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਹਵਾਈ ਫਾਇਰ ਕਰਨ ‘ਤੇ ਨਿਹੰਗ ਤੂਫਾਨ ਸਿੰਘ ਗ੍ਰਿਫਤਾਰ

0
899

ਅੰਮ੍ਰਿਤਸਰ, 4 ਨਵੰਬਰ | ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਆਏ ਨਿਹੰਗ ਸਿੰਘ ਨੇ ਗੋਲਡਨ ਗੇਟ ਨੇੜੇ ਗੋਲੀਆਂ ਚਲਾਈਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਨਾਬਾਲਗ ਨਿਹੰਗ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਪਿਸਤੌਲ ਕਿੱਥੋਂ ਲਿਆ।

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਾ ਰਹਿਣ ਵਾਲਾ ਇਕ ਨਾਬਾਲਗ ਨਿਹੰਗ ਸਿੰਘ ਖਿਡੌਣੇ ਵੇਚਣ ਦਾ ਧੰਦਾ ਕਰਦਾ ਹੈ। ਪਹਿਲਾਂ ਉਹ ਹੈਰੀਟੇਜ ਸਟਰੀਟ ਵਿਚ ਖਿਡੌਣੇ ਵੇਚਦਾ ਸੀ। ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਬਹੁਤ ਆਰਥਿਕ ਮਦਦ ਮਿਲੀ। ਉਹ ਮੋਹਾਲੀ ਬਾਰਡਰ ‘ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਧਰਨੇ ਦੌਰਾਨ ਵੀ ਸੁਰਖੀਆਂ ‘ਚ ਆਇਆ ਸੀ। ਉਸ ’ਤੇ ਮੁਹਾਲੀ ਪੁਲਿਸ ’ਤੇ ਹਮਲਾ ਕਰਨ ਦਾ ਵੀ ਦੋਸ਼ ਸੀ। ਇਸ ਦੌਰਾਨ ਪੁਲਿਸ ਨੇ ਕੇਸ ਦਰਜ ਕਰਕੇ ਉਸ ’ਤੇ ਇਨਾਮ ਵੀ ਰੱਖਿਆ ਸੀ। ਹੁਣ ਮੁਲਜ਼ਮ ਨੇ ਗੋਲਡਨ ਗੇਟ ਨੇੜੇ ਪਿਸਤੌਲ ਨਾਲ ਗੋਲੀ ਚਲਾਉਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਹੈ। ਪੁਲਿਸ ਨੇ ਮਕਬੂਲਪੁਰਾ ਥਾਣੇ ਵਿਚ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।