ਵੱਡੀ ਖਬਰ : ਮਾਨ ਸਰਕਾਰ ਇਸ ਮਹੀਨੇ ਸ਼ੁਰੂ ਕਰੇਗੀ ਤੀਰਥ ਯਾਤਰਾ ਸਕੀਮ; ਕਰਵਾਏ ਜਾਣਗੇ ਧਾਰਮਿਕ ਅਸਥਾਨਾਂ ਦੇ ਦਰਸ਼ਨ

0
491

ਬਠਿੰਡਾ, 3 ਨਵੰਬਰ | ਪੰਜਾਬ ਸਰਕਾਰ ਜਲਦੀ ਸੂਬੇ ਅੰਦਰ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਲੋਕਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਹਾਲਾਂਕਿ ਇਹ ਸਕੀਮ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਸ਼ੁਰੂ ਕੀਤੀ ਸੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਸੇ ਤਰਜ਼ ’ਤੇ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਟਰਾਂਸਪੋਰਟ ਵਿਭਾਗ ਨੂੰ ਪੂਰੀ ਯੋਜਨਾ ਬਣਾਉਣ ਲਈ ਆਦੇਸ਼ ਦਿੱਤੇ ਗਏ ਹਨ। ਟਰਾਂਸਪੋਰਟ ਵਿਭਾਗ ਧਾਰਮਿਕ ਅਸਥਾਨਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਅਤੇ ਇਸ ’ਤੇ ਆਉਣ ਵਾਲੇ ਖਰਚ ਦਾ ਬਿਓਰਾ ਇਕੱਠਾ ਕਰ ਰਿਹਾ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਲੋਕਾਂ ਨੂੰ ਲਿਜਾ ਕੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇੇ। ਹਰੇਕ ਵਿਧਾਨ ਸਭਾ ਹਲਕੇ ਲਈ 8 ਬੱਸਾਂ ਦਿੱਤੀਆਂ ਜਾਣਗੀਆਂ। ਪਹਿਲੇ ਪੜਾਅ ਵਿਚ ਸਿੱਖਾਂ ਦੇ ਪੰਜਾਬ ਵਿਚ ਸਥਿਤ ਤਖਤ ਸਾਹਿਬਾਨ ਦੇ ਦਰਸ਼ਨ ਕਰਵਾਏ ਜਾਣਗੇ। ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਇਸ ਤੋਂ ਬਾਅਦ ਬਿਹਾਰ ਵਿਚ ਸਥਿਤ ਤਖਤ ਸ੍ਰੀ ਪਟਨਾ ਸਾਹਿਬ ਅਤੇ ਮਹਾਰਾਸ਼ਟਰ ਵਿਚ ਸਥਿਤ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।

ਸੂਬੇ ਤੋਂ ਬਾਹਰਲੇ ਦੋਵਾਂ ਤਖਤ ਸਾਹਿਬਾਨਾਂ ਦੇ ਦਰਸ਼ਨਾਂ ਲਈ ਪੰਜਾਬ ਸਰਕਾਰ ਵਿਸ਼ੇਸ਼ ਰੇਲਗੱਡੀਆਂ ਦਾ ਪ੍ਰਬੰਧ ਕਰੇਗੀ। ਪੰਜਾਬ ਸਰਕਾਰ ਦੀ ਇਹ ਤੀਰਥ ਯਾਤਰਾ ਸਕੀਮ 24 ਨਵੰਬਰ ਤੋਂ ਬਕਾਇਦਾ ਸ਼ੁਰੂ ਹੋ ਜਾਵੇਗੀ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕੀਤਾ ਜਾਵੇਗਾ। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੁਆਰਾ ਸਕੀਮ ਦੀ ਕਾਮਯਾਬੀ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਵਿਭਾਗ ਨੇ ਤੀਰਥ ਯਾਤਰਾ ਸਕੀਮ ਦਾ ਖਰੜਾ ਤਿਆਰ ਕਰ ਲਿਆ ਹੈ, ਜਿਸ ਤਹਿਤ ਤੀਰਥ ਯਾਤਰਾ ਸਕੀਮ ਦਾ ਪਹਿਲਾ ਪੜਾਅ 24 ਨਵੰਬਰ ਨੂੰ ਸ਼ੁਰੂ ਹੋਵੇਗਾ ਜਦੋਂਕਿ ਦੂਜਾ ਪੜਾਅ ਜਨਵਰੀ 2024 ਦੇ ਪਹਿਲੇ ਹਫ਼ਤੇ ਸ਼ੁਰੂ ਹੋ ਸਕਦਾ ਹੈ। ਵਿਭਾਗ ਵੱਲੋਂ ਹਰ ਵਿਧਾਨ ਸਭਾ ਹਲਕੇ ਵਿਚ ਅੱਠ ਬੱਸਾਂ ਤੀਰਥ ਯਾਤਰਾ ਲਈ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਦੇ ਹਿਸਾਬ ਨਾਲ ਹਰ ਹਲਕੇ ਵਿਚੋਂ 400 ਤੋਂ 500 ਵਿਅਕਤੀ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਣਗੇ।