ਹਰਿਆਣਾ, 5 ਮਾਰਚ | ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਚੰਡੀਗੜ੍ਹ ਹਾਈਵੇਅ ਲਗਾਤਾਰ ਕਈ ਦਿਨ ਬੰਦ ਰਿਹਾ। ਹੁਣ ਪੁਲਿਸ ਨੇ ਇਸ ਹਾਈਵੇਅ ਦੀ ਇੱਕ ਲੇਨ ਖੋਲ੍ਹ ਦਿੱਤੀ ਹੈ। ਅੰਬਾਲਾ ਪ੍ਰਸ਼ਾਸਨ ਨੇ ਦੇਰ ਰਾਤ ਅੰਬਾਲਾ-ਚੰਡੀਗੜ੍ਹ ਹਾਈਵੇਅ ਦੇ ਦੋਵੇਂ ਪਾਸੇ ਸਿੰਗਲ ਲੇਨ ਖੋਲ੍ਹ ਦਿੱਤੀ ਹੈ। ਦੇਰ ਰਾਤ ਤੱਕ ਇੱਥੋਂ ਆਵਾਜਾਈ ਸ਼ੁਰੂ ਹੋ ਗਈ।
ਅੰਬਾਲਾ ਪੁਲਿਸ ਨੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਇਹ ਰਸਤਾ ਖੋਲ੍ਹ ਦਿੱਤਾ ਹੈ। ਹੁਣ ਲੋਕਾਂ ਨੂੰ ਰਾਹਤ ਮਿਲੀ ਹੈ। ਦੱਸਣਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਪੰਜਾਬ ਤੋਂ ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਸਨ।
ਪੁਲਿਸ ਨੇ 13 ਫਰਵਰੀ ਤੋਂ ਪੰਜਾਬ ਤੋਂ ਆਉਣ ਵਾਲੇ ਦੋ ਰੂਟ ਅੰਮ੍ਰਿਤਸਰ-ਦਿੱਲੀ ਰੂਟ ਅਤੇ ਚੰਡੀਗੜ੍ਹ-ਦਿੱਲੀ ਰੂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੰਭੂ ਟੋਲ ਪਲਾਜ਼ਾ ਤੋਂ ਅੰਮ੍ਰਿਤਸਰ-ਦਿੱਲੀ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ, ਜਦਕਿ ਦੂਜਾ ਅੰਬਾਲਾ-ਚੰਡੀਗੜ੍ਹ ਮਾਰਗ ਬੰਦ ਰਿਹਾ।