ਰਾਜਸਥਾਨ। ਨਾਗੌਰ ਕੋਰਟ ਕੰਪਲੈਕਸ (Nagaur Court Complex) ‘ਚ ਸੋਮਵਾਰ ਨੂੰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਗੈਂਗਸਟਰ ਸੰਦੀਪ ਬਿਸ਼ਨੋਈ (Sandeep Bishnoi) ਨੂੰ ਨਾਗੌਰ ਪੁਲਿਸ ਦੇ ਸਾਹਮਣੇ ਹੀ ਸ਼ੂਟਰਾਂ ਨੇ ਕੋਰਟ ਕੰਪਲੈਕਸ ਦੇ ਬਾਹਰ ਗੋਲ਼ੀ ਮਾਰ ਦਿੱਤੀ, ਜਿਸ ਕਾਰਨ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਸੰਦੀਪ ਨਾਗੌਰ ਦੀ ਜੇਲ੍ਹ ‘ਚ ਬੰਦ ਸੀ। ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਹਫੜਾ-ਦਫੜੀ ਮਚ ਗਈ।
ਜਾਣਕਾਰੀ ਮੁਤਾਬਕ ਪੁਲਿਸ ਗੈਂਗਸਟਰ ਸੰਦੀਪ ਨੂੰ ਕਿਸੇ ਮਾਮਲੇ ‘ਚ ਅਦਾਲਤ ‘ਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਇਸ ਦੌਰਾਨ ਕਾਲੇ ਰੰਗ ਦੀ ਸਕਾਰਪੀਓ ‘ਚ ਸਵਾਰ ਸ਼ੂਟਰਜ਼ ਨੇ ਤੁਰੰਤ ਗੈਂਗਸਟਰ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਕਤਲ ਕਰਨ ਵਾਲੇ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਸਨ। ਘਟਨਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਨਾਗੌਰ ਦੇ ਆਲੇ-ਦੁਆਲੇ ਨਾਕਾਬੰਦੀ ਕਰ ਦਿੱਤੀ। ਸਾਰੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ।