ਵੱਡੀ ਖ਼ਬਰ : ਪਟਿਆਲਾ ਪੁਲਿਸ ਵੱਲੋਂ ਗੈਂਗਸਟਰ ਨਰਿੰਦਰ ਸ਼ਰਮਾ ਗ੍ਰਿਫਤਾਰ, ਕਈ ਮਾਮਲਿਆਂ ‘ਚ ਸੀ ਲੋੜੀਂਦਾ

0
705

ਪਟਿਆਲਾ, 23 ਦਸੰਬਰ | ਪਟਿਆਲਾ ਪੁਲਿਸ ਨੇ ਨਰਿੰਦਰ ਸ਼ਰਮਾ ਨਾਂ ਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਪੁਲਿਸ ਨੇ ਉਸ ਕੋਲੋਂ .32 ਬੋਰ ਦੀਆਂ 2 ਪਿਸਟਲਾਂ ਤੇ 10 ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਸ ਕੋਲੋਂ ਇਕ ਕਾਰ ਵੀ ਬਰਾਮਦ ਕੀਤੀ ਹੈ।

ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਨਰਿੰਦਰ ਸ਼ਰਮਾ ਉਰਫ ਸ਼ੰਕਰ 2014 ਤੋਂ ਕ੍ਰਿਮੀਨਲ ਗਤੀਵਿਧੀਆਂ ‘ਚ ਸ਼ਾਮਲ ਰਿਹਾ ਹੈ, ਜਿਸ ਖਿਲਾਫ ਪਟਿਆਲਾ, ਐਸਏਐਸ ਨਗਰ ਮੋਹਾਲੀ ਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ‘ਚ ਲੁੱਟ-ਖੋਹ, ਕਾਰ-ਖੋਹ, ਅਸਲਾ ਐਕਟ ਤੇ ਲੜਾਈ-ਝਗੜੇ ਦੇ 5 ਮੁਕੱਦਮੇ ਦਰਜ ਹਨ।

ਮੁਲਜ਼ਮ ਅਦਾਲਤ ਵੱਲੋਂ ਕੁਝ ਮੁਕੱਦਮਿਆਂ ‘ਚ ਸਜ਼ਾਯਾਫਤਾ ਹੈ ਤੇ ਕੁਝ ਮੁਕੱਦਮਿਆਂ ‘ਚ ਜ਼ਮਾਨਤ ‘ਤੇ ਚੱਲ ਰਿਹਾ ਹੈ। ਮੁਲਜ਼ਮ ਸਾਲ 2014 ਤੋਂ ਲੈ ਕੇ 2022 ਤਕ ਵੱਖ-ਵੱਖ ਮੁਕੱਦਮਿਆਂ ਅਧੀਨ ਪਟਿਆਲਾ, ਸੰਗਰੂਰ ਤੇ ਕੈਥਲ ਹਰਿਆਣਾ ਜੇਲ੍ਹ ‘ਚ ਰਹਿ ਚੁੱਕਾ ਹੈ।ਨਰਿੰਦਰ ਸ਼ਰਮਾ ਉਰਫ ਸ਼ੰਕਰ ਲਾਰੈਂਸ ਗੈਂਗ ਦੇ ਮੈਂਬਰ ਦੀਪਕ ਬਨੂੰੜ, ਗੋਲਡੀ ਸ਼ੇਰਗਿੱਲ ਤੇ ਗੋਲਡੀ ਢਿੱਲੋਂ ਦਾ ਕਾਫੀ ਕਰੀਬੀ ਰਿਹਾ ਹੈ।

ਗੋਲਡੀ ਸ਼ੇਰਗਿੱਲ ਨੂੰ ਪਟਿਆਲਾ ਪੁਲਿਸ ਵੱਲੋਂ ਕੁਝ ਸਮਾਂ ਪਹਿਲਾਂ .32 ਬੋਰ ਦੇ 2 ਪਿਸਟਲਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਸ਼ੰਕਰ ਜੇਲ੍ਹ ਦੇ ਅਰਸੇ ਦੌਰਾਨ ਹੋਰ ਗੈਂਗਸਟਰਾਂ ਨਾਲ ਵੀ ਸੰਪਰਕ ‘ਚ ਰਿਹਾ ਹੈ, ਜਿਸ ਕਰਕੇ ਹੁਣ ਜ਼ਮਾਨਤ ‘ਤੇ ਬਾਹਰ ਆ ਕੇ ਗੈਂਗਸਟਰਾਂ ਦੇ ਇਸ਼ਾਰੇ ‘ਤੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਸਲਾ ਸਪਲਾਈ ਕਰਨ ਲੱਗ ਪਿਆ ਸੀ।