ਰੋਪੜ, 14 ਅਕਤੂਬਰ | ਰੋਪੜ ਪੁਲਿਸ ਵੱਲੋਂ ਦਰਜ ਕੀਤਾ ਗਿਆ ਹਨੀਟ੍ਰੈਪ ਦਾ ਮਾਮਲਾ ਕਾਫ਼ੀ ਹਾਈ-ਪ੍ਰੋਫਾਈਲ ਬਣਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਦਿਲਜੀਤ ਸਿੰਘ ਤੋਂ ਬਾਅਦ ਹੁਣ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ‘ਚ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ, ਇਕ ਮਹਿਲਾ ਵਕੀਲ ਅਤੇ ਭਾਜਪਾ ਦੀ ਇਕ ਮਹਿਲਾ ਨੇਤਾ ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
SHO ਪਵਨ ਕੁਮਾਰ ਨੇ ਦੱਸਿਆ ਕਿ ਦਿਲਹਰਜੀਤ ਸਿੰਘ ਸਮੇਤ ਉਸ ਦੀ ਵਕੀਲ ਪਤਨੀ ਪ੍ਰਦੀਪ ਕੌਰ, ਪੁੱਤਰ ਅਭਿਨੂਰ ਮਿਰਜ਼ਾ, ਰੋਹਿਤ ਸੁਲਤਾਨ, ਭਾਜਪਾ ਆਗੂ ਸੋਨੀਆ ਸ਼ਰਮਾ ਅਤੇ ਇੰਸਪੈਕਟਰ ਪਰਮਿੰਦਰ ਸਿੰਘ ਖ਼ਿਲਾਫ਼ FIR ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਕਈ ਲੋਕਾਂ ਨੇ ਪੁਲਿਸ ਕੋਲ ਪਹੁੰਚ ਕੇ ਦੱਸਿਆ ਕਿ ਦਿਲਜੀਤ ਦੇ ਗਰੁੱਪ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਲਏ। ਇਸ ਹਨੀਟ੍ਰੈਪ ‘ਚ 7 ਅਜਿਹੇ ਲੋਕ ਪੁਲਿਸ ਤੱਕ ਪਹੁੰਚੇ, ਜਿਨ੍ਹਾਂ ਦੇ ਲੱਖਾਂ ਰੁਪਏ ਫਸੇ ਹੋਏ ਹਨ।
ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਲੋਕਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਲਈ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਕੇਸ ਵਿਚ ਨਾਮਜ਼ਦ ਇੰਸਪੈਕਟਰ ਪਰਮਿੰਦਰ ਸਿੰਘ ਨਵਾਂਸ਼ਹਿਰ ਦੇ ਚਨਾ ਕਾਠਗੜ੍ਹ ਵਿਚ ਉਸ ਸਮੇਂ ਐਸਐਚਓ ਵਜੋਂ ਤਾਇਨਾਤ ਸੀ।
ਦਿਲਜੀਤ ਕੁਝ ਔਰਤਾਂ ਰਾਹੀਂ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਬਲਾਤਕਾਰ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਹੜੱਪਦਾ ਸੀ। ਪੁਲਿਸ ਜਾਂਚ ‘ਚ ਹੁਣ ਤੱਕ 55 ਲੱਖ ਰੁਪਏ ਦੀ ਬਲੈਕਮੇਲਿੰਗ ਦਾ ਖੁਲਾਸਾ ਹੋਇਆ ਹੈ, ਜਦਕਿ ਹੋਰ ਰਕਮ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਧੋਖਾਧੜੀ ਕਰੀਬ 1 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ।