ਫਿਲੌਰ ਤੋਂ ਵੱਡੀ ਖ਼ਬਰ : ਰੇਡ ‘ਤੇ ਗਈ ਪੁਲਿਸ ‘ਤੇ ਨਸ਼ਾ ਤਸਕਰ ਨੇ ਚਲਾਈਆਂ ਗੋਲੀਆਂ; 2 ਮੁਲਾਜ਼ਮ ਜ਼ਖਮੀ

0
513

ਜਲੰਧਰ/ਫਿਲੌਰ, 15 ਅਕਤੂਬਰ | ਇਕ ਵੱਡੇ ਨਸ਼ਾ ਸਮੱਗਲਰ ਨੂੰ ਫੜਨ ਗਈ ਫਿਲੌਰ ਪੁਲਿਸ ਦੀ ਤਸਕਰ ਨਾਲ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਤਸਕਰ ਵੱਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ, ਜਿਸ ਕਰਕੇ 2 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ।

ਜਾਣਕਾਰੀ ਅਨੁਸਾਰ ਫਿਲੌਰ ਪੁਲਿਸ ਨੂੰ ਤੜਕੇ 3 ਵਜੇ ਸੂਚਨਾ ਮਿਲੀ ਸੀ ਕਿ ਇਕ ਵੱਡਾ ਨਸ਼ਾ ਤਸਕਰ ਪੰਜਾਬ ਵਿਚ ਨਸ਼ਿਆਂ ਦਾ ਸਰਗਣਾ ਹੈ ਅਤੇ ਉਸ ਨੇ ਨਸ਼ਾ ਤਸਕਰੀ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਰੱਖੀ ਹੈ। ਉਹ ਨੂਰਮਹਿਲ ਇਲਾਕੇ ਦੀ ਇਕ ਕੋਠੀ ਵਿਚ ਲੁਕ ਕੇ ਬੈਠਾ ਹੋਇਆ ਹੈ।

ਸੂਚਨਾ ਮਿਲਣ ਮਗਰੋਂ ਪੁਲਿਸ ਨੇ ਨਸ਼ਾ ਤਸਕਰ ਨੂੰ ਫੜਨ ਲਈ ਕੋਠੀ ਦੀ ਘੇਰਾਬੰਦੀ ਕੀਤੀ ਤਾਂ ਨਸ਼ਾ ਤਸਕਰ ਨੇ ਕੋਠੀ ਦੇ ਅੰਦਰ ਤੋਂ ਪੁਲਿਸ ‘ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ 2 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ, ਇਸ ਬਾਰੇ ਖ਼ੁਲਾਸਾ ਉੱਚ ਅਧਿਕਾਰੀ ਪ੍ਰੈੱਸ ਕਾਨਫ਼ਰੰਸ ‘ਚ ਕਰ ਸਕਦੇ ਹਨ।