ਪਠਾਨਕੋਟ, 9 ਨਵੰਬਰ | ਪਠਾਨਕੋਟ ‘ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇਥੇ ਬੱਚਿਆਂ ਨੂੰ ਸਕੂਲ ਲਿਜਾ ਰਹੀ ਤੇਜ਼ ਰਫ਼ਤਾਰ ਬੱਸ ਪਲਟ ਗਈ। ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਮਚ ਗਿਆ। ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਸੁਜਾਨਪੁਰ ਰੋਡ ’ਤੇ ਟੈਂਕ ਚੌਕ ਕੋਲ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਸੰਤੁਲਨ ਵਿਗਾੜ ਬੈਠੀ ਤੇ ਪਲਟ ਗਈ।
ਇਸ ਕਾਰਨ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਸ ਪੂਰੀ ਤਰ੍ਹਾਂ ਬੱਚਿਆਂ ਨਾਲ ਭਰੀ ਹੋਈ ਸੀ। ਬੱਸ ਪਲਟਣ ਨਾਲ ਇਸ ਵਿਚ ਸਵਾਰ ਬੱਚਿਆਂ ਦੀਆਂ ਚੀਕਾਂ ਨਾਲ ਰਾਹਗੀਰ ਤੁਰੰਤ ਇਕੱਠੇ ਹੋਏ ਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ। ਬੱਸ ’ਤੇ ਨਾ ਤਾਂ ਸਕੂਲ ਦਾ ਨਾਂਅ ਲਿਖਿਆ ਸੀ ਅਤੇ ਨਾ ਹੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਸੀ ਤੇ ਦੇਖਣ ਵਿਚ ਵੀ ਬੱਸ ਬਹੁਤ ਪੁਰਾਣੀ ਲੱਗ ਰਹੀ ਸੀ।