ਜਲੰਧਰ ਤੋਂ ਵੱਡੀ ਖਬਰ : ਨਿੱਜੀ ਹਸਪਤਾਲ ਦੇ ਡਾਕਟਰ ਦੀ ਡਿਗਰੀ ਨਿਕਲੀ ਫਰਜ਼ੀ , ਇਕ ਮਰੀਜ਼ ਦੀ ਮੌਤ ਤੋਂ ਬਾਅਦ ਖੁੱਲ੍ਹਿਆ ਭੇਦ

0
775

ਜਲੰਧਰ, 21 ਨਵੰਬਰ | ਆਦਰਸ਼ ਨਗਰ ਸਥਿਤ ਨਿੱਜੀ ਹਸਪਤਾਲ ਹਾਰਟ ਸੈਂਟਰ ਦਾ ਡਾਕਟਰ “ਮੁੰਨਾ ਬਾਈ” ਨਿਕਲਿਆ ਹੈ, ਮਤਲਬ ਫਿਲਮ ‘ਮੁੰਨਾ ਬਾਈ’ ‘ਚ ਸੰਜੇ ਦੱਤ ਦੀ ਤਰ੍ਹਾਂ ਇਹ ਡਾਕਟਰ ਵੀ ਫਰਜ਼ੀ ਡਿਗਰੀ ਲੈ ਕੇ ਡਾਕਟਰ ਬਣ ਗਿਆ ਅਤੇ ਫਿਰ ਉਸੇ ਤਰ੍ਹਾਂ ਮਰੀਜ਼ਾਂ ਦਾ ਇਲਾਜ ਕਰਦਾ ਸੀ। ਥਾਣਾ 2 ਦੀ ਪੁਲਿਸ ਨੇ ਡਾਕਟਰ ਸੰਜੀਵ ਪਾਂਡੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੈਪਾਲ ਨਗਰ ਦੇ ਰਹਿਣ ਵਾਲੇ ਜਸਮੇਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਦੀ ਇਸ ਹਸਪਤਾਲ ‘ਚ ਪਿਛਲੇ ਸਾਲ 18 ਅਪ੍ਰੈਲ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ ਇਲਾਜ ਡਾ. ਪਾਂਡੇ ਨੇ ਕੀਤਾ ਸੀ। ਜਸਮੇਰ ਨੇ ਦੋਸ਼ ਲਾਇਆ ਸੀ ਕਿ ਡਾਕਟਰ ਪਾਂਡੇ ਦੀ ਅਣਗਹਿਲੀ ਕਾਰਨ ਮਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਮੈਡੀਕਲ ਬੋਰਡ ਬਣਾਇਆ ਗਿਆ ਪਰ ਬੋਰਡ ਵਲੋਂ ਜਾਂਚ ਕਰ ਕੇ ਡਾਕਟਰ ਨੂੰ ਸਹੀ ਠਹਿਰਾਇਆ ਗਿਆ ਸੀ।

ਇਸ ਤੋਂ ਬਾਅਦ ਜਸਮੇਰ ਸਿੰਘ ਨੇ ਖੁਦ ਜਾਂਚ ਸ਼ੁਰੂ ਕਰ ਦਿੱਤੀ। ਉਸ ਨੂੰ ਡਾਕਟਰ ਦੀ ਐਮਏਐਮਐਸ ਡਿਗਰੀ ’ਤੇ ਸ਼ੱਕ ਸੀ। ਉਸ ਨੇ ਆਰ.ਟੀ.ਆਈ. ਤੋਂ ਡਾਕਟਰ ਦੀ ਡਿਗਰੀ ਹਾਸਲ ਕੀਤੀ ਅਤੇ ਫਿਰ ਕਰਨਾਟਕ ਦੀ ਰਾਜੀਵ ਗਾਂਧੀ ਯੂਨੀਵਰਸਿਟੀ ਫਾਰ ਹੈਲਥ ਐਂਡ ਸਾਇੰਸ ਤੋਂ ਜਾਂਚ ਕਰਵਾਈ।

ਉਕਤ ਯੂਨੀਵਰਸਿਟੀ ਨੇ ਸਪੱਸ਼ਟ ਕਿਹਾ ਹੈ ਕਿ ਡਾ. ਪਾਂਡੇ ਦੀ MAMS ਦੀ ਡਿਗਰੀ ਬਿਲਕੁਲ ਫਰਜ਼ੀ ਹੈ। ਇਸ ਤੋਂ ਬਾਅਦ ਡਾਕਟਰ ਪਾਂਡੇ ਖਿਲਾਫ ਥਾਣਾ 2 ‘ਚ ਸ਼ਿਕਾਇਤਕਰਤਾ ਨੇ ਪਿਛਲੇ ਸਾਲ 23 ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਕਈ ਵਾਰ ਡਾਕਟਰ ਨੂੰ ਥਾਣੇ ਬੁਲਾਇਆ ਗਿਆ ਪਰ ਉਹ ਨਹੀਂ ਪਹੁੰਚਿਆ। ਅਖੀਰ ਪੁਲਿਸ ਨੇ ਕਾਰਵਾਈ ਕਰਦਿਆਂ ਹੁਣ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੰਜੀਵ ਪਾਂਡੇ ਫਰਜ਼ੀ ਡਿਗਰੀ ਨਾਲ ਲੋਕਾਂ ਦੀ ਜਾਨ ਨਾਲ ਖੇਡ ਰਿਹਾ ਸੀ