ਜਲਾਲਾਬਾਦ | ਇਥੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਨਿੱਕੀ ਜਿਹੀ ਗੱਲ ਪਿੱਛੇ ਘਰ ਵਿਚ ਸੱਥਰ ਵਿਛ ਗਏ। ਪਿੰਡ ਫੱਤੂਵਾਲਾ ਵਿਚ ਸ਼ਰਾਬ ਪੀਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਭਤੀਜੇ ਨੇ ਤਾਏ ਨੂੰ ਮਾਰ ਦਿੱਤਾ।
ਕਤਲ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਬਿਸ਼ਨ ਰਾਮ ਨੇ ਦੱਸਿਆ ਕਿ ਮੁਦਈ ਕਸ਼ਮੀਰ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਫੱਤੂਵਾਲਾ ਵੱਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸਦਾ ਪਤੀ ਜੋਗਿੰਦਰ ਸਿੰਘ ਮਜ਼ਦੂਰੀ ਕਰਕੇ ਘਰ ਆਇਆ ਸੀ। ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਉਸਦੇ ਦਿਓਰ ਮਲਕੀਤ ਸਿੰਘ ਦਾ ਘਰ ਹੈ, ਜਿਸਦਾ ਮੁੰਡਾ ਸੁਖਚੈਨ ਸਿੰਘ ਸ਼ਰਾਬ ਲੈਣ ਲਈ ਉਸਦੇ ਘਰ ਆਇਆ ਹੋਇਆ ਸੀ।
ਉਸਦੇ ਘਰ ਪਹਿਲਾਂ ਹੀ ਰਾਮ ਸਿੰਘ ਅਤੇ ਵੀਰ ਸਿੰਘ ਵਾਸੀਆਨ ਢਾਣੀ ਮਾਘ ਸਿੰਘ ਭੈਣੀ ਸ਼ਰਾਬ ਪੀਣ ਲਈ ਆਏ ਹੋਏ ਸਨ ਤਾਂ ਸੁਖਚੈਨ ਸਿੰਘ ਨੇ ਜੋਗਿੰਦਰ ਸਿੰਘ ਪਾਸੋਂ ਪੀਣ ਲਈ ਸ਼ਰਾਬ ਮੰਗੀ ਤਾਂ ਜੋਗਿੰਦਰ ਸਿੰਘ ਨੇ ਕਿਹਾ ਕਿ ਤੂੰ ਸ਼ਰਾਬ ਪੀ ਕੇ ਘਰ ਲੜਾਈ ਝਗੜਾ ਕਰਦਾ ਹੈਂ, ਤੈਨੂੰ ਸ਼ਰਾਬ ਨਹੀਂ ਦੇਣੀ, ਜਿਸ ’ਤੇ ਸੁਖਚੈਨ ਸਿੰਘ ਨੇ ਜੋਗਿੰਦਰ ਸਿੰਘ ਦੀ ਗਰਦਨ ਤੋਂ ਫੜ ਕੇ ਮਾਰ ਦਿੱਤਾ, ਜਿਸ ਕਰਕੇ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸੁਖਚੈਨ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਦਈ ਕਸ਼ਮੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸੁਖਚੈਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਫੱਤੂਵਾਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।