ਫਿਰੋਜ਼ਪੁਰ ਤੋਂ ਵੱਡੀ ਖਬਰ : ਨਾਕੇ ਤੋਂ ਭੱਜਦਿਆਂ ਕਾਰ ਸਵਾਰ ਨਸ਼ਾ ਤਸਕਰਾਂ ਨੇ 5 ਸਾਲ ਦੀ ਬੱਚੀ ਸਮੇਤ 3 ਲੋਕਾਂ ਨੂੰ ਦਰੜਿਆ

0
1614

ਫ਼ਿਰੋਜ਼ਪੁਰ, 14 ਨਵੰਬਰ | ਫ਼ਿਰੋਜ਼ਪੁਰ ਦੇ ਕਸਬਾ ਮੱਖੂ ‘ਚ ਨਸ਼ਾ ਤਸਕਰਾਂ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਕਾਰ ਚਲਾਉਂਦੇ 5 ਸਾਲ ਦੀ ਬੱਚੀ ਸਮੇਤ ਮੋਟਰਸਾਈਕਲ ‘ਤੇ ਜਾ ਰਹੇ 3 ਵਿਅਕਤੀਆਂ ਨੂੰ ਟੱਕਰ ਮਾਰ ਕੇ ਜਾਨ ਲੈ ਲਈ, ਜਿਨ੍ਹਾਂ ‘ਚੋਂ ਫ਼ਿਰੋਜ਼ਪੁਰ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ, ਜਿਸ ਕੋਲੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ।

ਜਾਣਕਾਰੀ ਦਿੰਦਿਆਂ ਐਸ.ਐਸ.ਪੀ ਫ਼ਿਰੋਜ਼ਪੁਰ ਦੀਪਕ ਹਿਲੋਰੀ ਅਤੇ ਐਸ.ਪੀ ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 1 ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ‘ਚ ਇਕ ਕਰੂਜ਼ ਕਾਰ ‘ਚੋਂ ਇਕ ਨਸ਼ਾ ਤਸਕਰ ਨੂੰ 7 ਕਿਲੋ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ, ਜਦਕਿ ਉਸ ਦਾ ਇਕ ਸਾਥੀ ਫਰਾਰ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਐਸ.ਐਸ.ਪੀ ਨੇ ਦੱਸਿਆ ਕਿ ਜਦੋਂ ਸੀ.ਆਈ.ਏ ਸਟਾਫ਼ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਪੁਲਿਸ ਪਾਰਟੀ ਜ਼ੀਰਾ ਰੋਡ (ਨੇੜੇ ਬਿਜਲੀ ਘਰ ਮੱਖੂ) ਕੋਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਕ ਤੇਜ਼ ਰਫਤਾਰ ਕਰੂਜ਼ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਇਸ ਮੋਟਰਸਾਈਕਲ ‘ਤੇ 3 ਜਣੇ ਜਾ ਰਹੇ ਸਨ, ਜਿਨ੍ਹਾਂ ‘ਚੋਂ ਕੁਲਦੀਪ ਸਿੰਘ, ਅਮਰ ਸਿੰਘ ਅਤੇ ਕਰੀਬ 5 ਸਾਲ ਦੀ ਲੜਕੀ ਨਿਮਰਤ ਕੌਰ ਦੀ ਮੌਤ ਹੋ ਗਈ ਅਤੇ ਇਸ ਗੱਡੀ ‘ਚ ਸਵਾਰ ਇਕ ਵਿਅਕਤੀ ਨੂੰ ਸੀ.ਆਈ.ਏ ਪੁਲਿਸ ਨੇ ਕਾਬੂ ਕਰ ਲਿਆ।

ਆਰੋਪੀ ਦੀ ਪਛਾਣ ਅਰਸ਼ ਪੁੱਤਰ ਲਖਬੀਰ ਸਿੰਘ ਵਾਸੀ ਜੰਡ ਵਾਲਾਪੀਰ ਕਾਲੋਨੀ ਛੇਹਰਟਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਜੋਂ ਹੋਈ, ਜਿਸ ਪਾਸੋਂ 7 ਕਿਲੋ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਨੇ ਦੱਸਿਆ ਕਿ ਉਸ ਦਾ ਸਾਥੀ ਰਾਜਿੰਦਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਬੁਰਜ ਰਾਏ ਜ਼ਿਲ੍ਹਾ ਤਰਨਤਾਰਨ ਫਰਾਰ ਹੋ ਗਿਆ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਫੜੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 35 ਕਰੋੜ 15 ਲੱਖ ਰੁਪਏ ਦੇ ਕਰੀਬ ਹੈ।