ਵੱਡੀ ਖਬਰ :ਟਰਾਂਸਪੋਰਟ ਟੈਂਡਰ ਘੁਟਾਲੇ ‘ਚ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਮਿਲੀ ਰਾਹਤ, ਅਦਾਲਤ ਨੇ ਕੀਤਾ ਰਿਹਾਅ

0
960

ਲੁਧਿਆਣਾ| ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ। ਸੰਨੀ ਭੱਲਾ ਦਾ ਰਿਮਾਂਡ ਖਤਮ ਹੋਇਆ ਸੀ। ਇਸ ਮੌਕੇ ਰਵਨੀਤ ਬਿੱਟੂ ਵੀ ਸੰਨੀ ਭੱਲਾ ਨੂੰ ਸਮਰਥਨ ਦੇਣ ਲਈ ਅਦਾਲਤ ਪਹੁੰਚੇ। ਉਨ੍ਹਾਂ ਕਿਹਾ ਕਿ ਅਸੀਂ ਹਰ ਜਾਂਚ ਵਿਚ ਸਮਰਥਨ ਦੇਣ ਨੂੰ ਤਿਆਰ ਹਾਂ ਪਰ ਜਾਂਚ ਸਹੀ ਹੋਣੀ ਚਾਹੀਦੀ ਹੈ, ਉਸ ਵਿੱਚ ਰਾਜਨੀਤਕ ਬਦਲਾਖੋਰੀ ਨਹੀਂ ਹੋਣੀ ਚਾਹੀਦੀ, ਉਥੇ ਹੀ ਵਿਜੀਲੈਂਸ ਦੇ ਐਸ.ਐਸ.ਪੀ. ਵੱਲੋਂ ਰਵਨੀਤ ਬਿੱਟੂ ਦੀ ਕੀਤੀ ਗਈ ਸ਼ਿਕਾਇਤ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਖੁਦ ਹੀ ਇਹ ਗੱਲ ਆਪਣੇ ‘ਤੇ ਲੈ ਲਈ। ਅਸੀਂ ਜਾਇਦਾਦਾਂ ਦੀ ਜਾਂਚ ਕਰਨ ਤੋਂ ਵੀ ਮਨ੍ਹਾ ਨਹੀਂ ਕਰਦੇ ਪਰ ਜੋ ਸਹੀ ਜਾਣਕਾਰੀ ਹੈ, ਉਹ ਹੀ ਦੇਣੀ ਚਾਹੀਦੀ ਹੈ।

ਰਵਨੀਤ ਬਿੱਟੂ ਨੇ ਜੱਜ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ । ਉਨ੍ਹਾਂ ਐਸ.ਵਾਈ.ਐਲ. ਦੇ ਮੁੱਦੇ ‘ਤੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਆਪਣੀ ਸਹੀ ਤਰ੍ਹਾਂ ਤਿਆਰੀ ਕਰ ਕੇ ਹੀ ਨਹੀਂ ਜਾ ਸਕੇ, ਜੇਕਰ ਪੁਰਾਣੀਆਂ ਸਰਕਾਰਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਸ ਵੇਲੇ ਸਾਰੇ ਹੀ ਵੱਖ ਵੱਖ ਪਾਰਟੀਆਂ ਵਿੱਚ ਸਨ। ਮੌਜੂਦਾ ਹਾਲਾਤਾਂ ਦੀ ਗੱਲ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨੇ ਵਿੰਨਦਿਆਂ ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਚੋਣਾਂ ਲਈ ਉਹ ਇਹ ਸਭ ਸਟੰਟਬਾਜੀ ਕਰ ਰਹੇ ਹਨ। ਉਨ੍ਹਾਂ ਦੇ ਆਪਣੇ ਹੀ ਸਪੀਕਰ ਨੇ ਬਰਗਾੜੀ ਮਾਮਲੇ ‘ਤੇ ਕਾਰਵਾਈ ਨਾ ਹੋਣ ‘ਤੇ ਅਸਤੀਫਾ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਦੇ ਵਿਧਾਇਕ ਸਟੇਜ ‘ਤੇ ਚੜ੍ਹ ਕੇ ਵਾਰ-ਵਾਰ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ।

ਦੱਸਣਯੋਗ ਹੈ ਕਿ ਵਿਜੀਲੈਂਸ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਟਰਾਂਸਪੋਰਟ ਟੈਂਡਰ ਘੁਟਾਲੇ ‘ਚ ਸ਼ੱਕ ਦੇ ਆਧਾਰ ‘ਤੇ ਪੁਲਸ ਰਿਮਾਂਡ ‘ਤੇ ਲਿਆ ਗਿਆ ਸੀ। ਜਾਂਚ ‘ਚ ਸੰਨੀ ਭੱਲਾ ਦੇ ਖ਼ਿਲਾਫ਼ ਕੁੱਝ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ।