ਚੰਡੀਗੜ੍ਹ, 18 ਸਤੰਬਰ | ਪੰਜਾਬ ਵਿਚ 37.98 ਲੱਖ ਪਰਿਵਾਰਾਂ ਤੱਕ ਘਰ-ਘਰ ਰਾਸ਼ਨ ਪਹੁੰਚਾਉਣ ਦਾ ਕੰਮ ਨਵੰਬਰ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ । ਇਸ ਸਬੰਧੀ ਪੰਜਾਬ ਸਰਕਾਰ ਨੇ ਆਪਣੀ ਸੰਸਥਾ ਮਾਰਕਫੈੱਡ ਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਹੈ। ਇਨ੍ਹੀਂ ਦਿਨੀਂ ਮਾਰਕਫੈੱਡ ‘ਚ ਇਸ ਪ੍ਰੋਜੈਕਟ ‘ਤੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਸਕੀਮ ਨੂੰ ਲਾਗੂ ਕਰਨ ਲਈ ਮਾਰਕਫੈੱਡ ਇਕ ਮੈਨੇਜਮੈਂਟ ਏਜੰਸੀ ਦੀ ਵੀ ਮਦਦ ਲਵੇਗੀ ਜੋ ਕਿ ਸਾਮਾਨ ਦੀ ਖਰੀਦ ਤੋਂ ਲੈ ਕੇ ਇਸਦੀ ਵੰਡ ਤੱਕ ਦੇ ਕੰਮ ਵਿਚ ਸਹਾਇਤਾ ਕਰੇਗੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਮਾਰਕਫੈੱਡ ਨੂੰ 800 ਮਾਡਲ ਵਾਜਬ ਕੀਮਤ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਪੰਜਾਬ ਭਰ ਵਿਚ ਇਨ੍ਹਾਂ ਨੂੰ ਖੋਲ੍ਹਣ ਲਈ ਕੰਮ ਕੀਤਾ ਜਾ ਰਿਹਾ ਹੈ।
ਜ਼ਮੀਨੀ ਪੱਧਰ ‘ਤੇ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਸੁਪਰਵਾਈਜ਼ਰਾਂ ਅਤੇ ਐੱਮ. ਐੱਫ. ਪੀ. ਐੱਸ. ਸੁਪਰਵਾਈਜ਼ਰਾਂ ਅਤੇ ਸੇਲਜ਼ਮੈਨਾਂ ਦੀ ਵੀ ਭਰਤੀ ਕੀਤੀ ਜਾਵੇਗੀ। ਇਸ ਪ੍ਰੋਜੈਕਟ ਵਿਚ ਵੱਡੀ ਗਿਣਤੀ ਵਿਚ ਡਲਿਵਰੀ ਵੈਨਾਂ ਵੀ ਲਗਾਈਆਂ ਜਾਣਗੀਆਂ। ਮਾਰਕਫੈੱਡ ਦੀਆਂ ਡਲਿਵਰੀ ਵੈਨਾਂ ਰਿਹਾਇਸ਼ੀ ਇਲਾਕਿਆਂ ਵਿਚ ਜਾਣਗੀਆਂ ਅਤੇ ਲੋਕਾਂ ਨੂੰ ਘਰ ਜਾਂ ਵੈਨ ਵਿਚ ਆ ਕੇ ਸਾਮਾਨ ਲੈਣ ਦੀ ਸਹੂਲਤ ਮਿਲੇਗੀ। ਇਸ ਮੁਹਿੰਮ ਵਿਚ 98 ਹਜ਼ਾਰ 947 ਅੰਤੋਦਿਆ ਅੰਨ ਯੋਜਨਾ ਪਰਿਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਦੋਂਕਿ 36 ਲੱਖ 99 ਹਜ਼ਾਰ 376 ਪ੍ਰਾਥਮਿਕ ਪਰਿਵਾਰ (ਪੀ.ਐੱਚ. ਫੈਮਿਲੀ) ਸ਼ਾਮਲ ਹਨ।
ਪੰਜਾਬ ਭਰ ਵਿਚ ਕੁੱਲ 37 ਲੱਖ 98 ਹਜ਼ਾਰ 322 ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਰਾਸ਼ਨ ਦਿੱਤਾ ਜਾਵੇਗਾ। ਇਸ ਸਕੀਮ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਡਿਪੂ ਹੋਲਡਰਾਂ ਨੂੰ ਵੀ ਇਸ ਸਕੀਮ ਵਿਚ ਸ਼ਾਮਲ ਕੀਤਾ ਜਾਵੇਗਾ। ਪੰਜਾਬ ਵਿਚ 18 ਹਜ਼ਾਰ ਰਾਸ਼ਨ ਡਿਪੂ ਲਾਇਸੈਂਸ ਮਨਜ਼ੂਰ ਹਨ। ਇਨ੍ਹਾਂ ਵਿਚੋਂ 800 ਲਾਇਸੈਂਸ ਮਾਰਕਫੈੱਡ ਨੂੰ ਦਿੱਤੇ ਗਏ ਹਨ।