ਵੱਡੀ ਖਬਰ : ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਪੁਲਿਸ ਨੇ ਕੀਤੀ ਨਾਕਾਮ, ਪੰਜ ਸਾਜ਼ਿਸ਼ਕਾਰਾਂ ਖ਼ਿਲਾਫ ਕੇਸ ਦਰਜ

0
341

ਚੰਡੀਗੜ੍ਹ | ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ 26 ਜਨਵਰੀ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਦੀ ਸਾਜ਼ਿਸ਼ ਬੱਬਰ ਖਾਲਸਾ ਅਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਚਾਰ ਅੱਤਵਾਦੀਆਂ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਰਚੀ ਸੀ। ਐਸਐਸਓਸੀ ਨੇ ਪੰਜਾਂ ਖ਼ਿਲਾਫ਼ ਅੱਤਵਾਦੀ ਵਿਰੋਧੀ ਗਤੀਵਿਧੀਆਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਇਸ ਗੱਲ ਦਾ ਖੁਲਾਸਾ ਮੋਹਾਲੀ ‘ਚ ਫੜੇ ਗਏ ਗੈਂਗਸਟਰਾਂ ਨੇ ਕੀਤਾ ਹੈ। ਚਾਰੋਂ ਅੱਤਵਾਦੀ ਵੱਖ-ਵੱਖ ਦੇਸ਼ਾਂ ‘ਚ ਹਨ, ਜਦਕਿ ਭਗਵਾਨਪੁਰੀਆ ਮੁਕਤਸਰ ਪੁਲਿਸ ਦੇ ਰਿਮਾਂਡ ‘ਤੇ ਹੈ। SSOC ਦੇ ਅਨੁਸਾਰ, ਬੱਬਰ ਖਾਲਸਾ ਅਤੇ ਸਿੱਖ ਫਾਰ ਜਸਟਿਸ ਨੇ 26 ਜਨਵਰੀ ਨੂੰ ਪੰਜਾਬ ਵਿੱਚ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾਈ ਹੈ। ਮੁੱਖ ਸਾਜ਼ਿਸ਼ਕਰਤਾ ਪਰਮਜੀਤ ਸਿੰਘ ਉਰਫ ਪੰਮਾ ਇੰਗਲੈਂਡ ਬੈਠਾ ਹੈ, ਜੋ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੇ ਸਾਥੀ ਗੈਂਗਸਟਰਾਂ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਬੱਲ, ਪ੍ਰਕਾਸ਼ ਸਿੰਘ, ਦਮਨਜੋਤ ਸਿੰਘ ਉਰਫ਼ ਦਰਮਨ ਕਾਹਲੋ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਯੋਜਨਾ ਬਣਾਈ।

ਇਸ ਤਹਿਤ ਗਣਤੰਤਰ ਦਿਵਸ ਤੋਂ ਪਹਿਲਾਂ ਫਿਰਕੂ ਮਾਹੌਲ ਨੂੰ ਵਿਗਾੜਨ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਦੂ ਆਗੂਆਂ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ। ਇਸ ਕੰਮ ਦੀ ਜ਼ਿੰਮੇਵਾਰੀ ਪੰਜਾਬ ਦੇ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੂੰ ਸੌਂਪੀ ਗਈ ਸੀ, ਜਿਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਮੁਲਜ਼ਮਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਕੀਤੀ ਜਾ ਰਹੀ ਸੀ।

ਅੱਤਵਾਦੀ ਲਖਬੀਰ ਨਾਲ ਜੁੜੇ ਲੋਕਾਂ ਦੇ 334 ਟਿਕਾਣਿਆਂ ‘ਤੇ ਛਾਪੇਮਾਰੀ
ਪੁਲਿਸ ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਜੁੜੇ ਲੋਕਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਐਤਵਾਰ ਨੂੰ ਪੰਜਾਬ ਭਰ ‘ਚ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ। ਲੰਡਾ ਨਾਲ ਜੁੜੇ 334 ਲੋਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 142 ਪੁਲਿਸ ਪਾਰਟੀਆਂ ਨੇ ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ ਲੰਡਾ ਨਾਲ ਸਬੰਧਿਤ 334 ਵਿਅਕਤੀਆਂ ਨੂੰ ਕਾਬੂ ਕੀਤਾ |

ਇਸ ਆਪਰੇਸ਼ਨ ਵਿੱਚ ਕਰੀਬ 800 ਪੁਲਿਸ ਮੁਲਾਜ਼ਮ ਸ਼ਾਮਲ ਸਨ। ਇਕੱਲੇ ਤਰਨਤਾਰਨ ਜ਼ਿਲ੍ਹੇ ਵਿੱਚ ਹੀ ਪੁਲਿਸ ਦੀਆਂ 65 ਪਾਰਟੀਆਂ ਨੇ ਲਖਬੀਰ ਲੰਡਾ ਦੇ 171 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਕਈ ਲੋਕਾਂ ਨੂੰ ਹੋਰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਨਕਲੀ ਸਮੱਗਰੀ ਬਰਾਮਦ ਕੀਤੀ ਗਈ ਹੈ, ਜਿਸ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਯਾਦ ਰਹੇ ਲਖਬੀਰ ਸਿੰਘ ਉਰਫ਼ ਲੰਡਾ ਪੰਜਾਬ ਅਤੇ ਵਿਦੇਸ਼ਾਂ ਵਿੱਚ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਹ ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਅਪਰਾਧੀ ਹੈ। ਉਹ ਇੱਕ ਕਲਾਸ-ਏ ਦਾ ਗੈਂਗਸਟਰ ਹੈ, ਜੋ ਕਈ ਅਪਰਾਧ ਕਰਨ ਤੋਂ ਬਾਅਦ 2017 ਵਿੱਚ ਕੈਨੇਡਾ ਭੱਜ ਗਿਆ ਸੀ। ਉਹ ਪੰਜਾਬ ਵਿੱਚ ਫਿਰੌਤੀ, ਕਤਲ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਇੱਕ ਨੈੱਟਵਰਕ ਚਲਾਉਂਦਾ ਹੈ।

ਉਹ ਵੱਖ-ਵੱਖ ਦੇਸ਼ਾਂ ‘ਚ ਰਹਿ ਕੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਹ ਵਾਰਦਾਤਾਂ ਕਰਦਾ ਆ ਰਿਹਾ ਹੈ। ਇਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਵੀ ਸਮਰਥਨ ਹਾਸਲ ਹੈ। ਉਸ ‘ਤੇ ਕਤਲ, ਐਨਡੀਪੀਐਸ ਐਕਟ, ਜਬਰੀ ਵਸੂਲੀ ਅਤੇ ਧਮਕਾਉਣ ਨਾਲ ਸਬੰਧਤ 31 ਐਫਆਈਆਰ ਦਰਜ ਹਨ।

ਇਸ ਤਰ੍ਹਾਂ ਹੋਇਆ ਖੁਲਾਸਾ
ਕੁਝ ਦਿਨ ਪਹਿਲਾਂ ਐਸਐਸਓਸੀ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਦੇ 2 ਸਾਥੀ ਨਿਸ਼ਾਨ ਸਿੰਘ ਵਾਸੀ ਤਰਨਤਾਰਨ ਅਤੇ ਯੋਗਰਾਜ ਸਿੰਘ ਵਾਸੀ ਅੰਮ੍ਰਿਤਸਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਨੇ ਦੱਸਿਆ ਸੀ ਕਿ ਬੱਬਰ ਖਾਲਸਾ ਅਤੇ ਸਿੱਖ ਫਾਰ ਜਸਟਿਸ ਨਾਲ ਜੁੜੇ ਅੱਤਵਾਦੀ ਪਰਮਜੀਤ ਸਿੰਘ ਪੰਮਾ ਨੇ ਉਸ ਨੂੰ ਹਿੰਦੂ ਨੇਤਾਵਾਂ ਦੇ ਕਤਲ ਅਤੇ ਪੰਜਾਬ ਵਿਚ ਫਿਰਕੂ ਮਾਹੌਲ ਖਰਾਬ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਤਿੰਨੇ ਮੁਲਜ਼ਮ ਮੁਹਾਲੀ ਵਿੱਚ ਇੱਕ ਹਿੰਦੂ ਆਗੂ ਅਤੇ ਜਲੰਧਰ ਦੇ ਇੱਕ ਕਿਸਾਨ ਆਗੂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ।