ਵੱਡੀ ਖਬਰ ! ਚੰਡੀਗੜ੍ਹ ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ‘ਚ ਮਚਿਆ ਹੜਕੰਪ

0
1186

ਚੰਡੀਗੜ੍ਹ | ਸੈਕਟਰ 32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਸਬੰਧੀ ਧਮਕੀ ਭਰੀ ਮੇਲ ਵੀ ਭੇਜੀ ਗਈ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪੁਲਿਸ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਬੰਬ ਨਿਰੋਧਕ ਦਸਤੇ ਵੀ ਉਥੇ ਪਹੁੰਚ ਗਏ ਹਨ। ਸੈਕਟਰ 32 ਵਿਚ ਇਕ ਮੈਂਟਲ ਹੈਲਥ ਇੰਸਟੀਚਿਊਟ ਹੈ, ਜਿਸ ਨੂੰ ਉਡਾਉਣ ਦੀ ਧਮਕੀ ਮਿਲੀ ਹੈ।

ਧਮਕੀ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਮੁਤਾਬਕ ਇਹ ਕੋਈ ਸ਼ਰਾਰਤ ਹੋ ਸਕਦੀ ਹੈ ਪਰ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੁਰੱਖਿਆ ਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪੁਲਿਸ ਮੁਤਾਬਕ ਇਹ ਮੇਲ ਸਵੇਰੇ 9.40 ਵਜੇ ਆਇਆ ਸੀ।

ਮੇਲ ਵਿਚ ਕੁਝ ਵੀ ਨਹੀਂ ਲਿਖਿਆ ਗਿਆ ਹੈ ਕਿ ਧਮਕੀ ਦੇਣ ਵਾਲਾ ਕੌਣ ਹੈ। ਨੇੜੇ ਹੀ ਰਿਹਾਇਸ਼ੀ ਇਲਾਕਾ ਹੈ, ਇਸ ਲਈ ਪੁਲਿਸ ਪੂਰੀ ਸਾਵਧਾਨੀ ਵਰਤ ਰਹੀ ਹੈ। ਧਮਕੀ ਵਿਚ ਲਿਖਿਆ ਗਿਆ ਸੀ ਕਿ ਮਾਨਸਿਕ ਹਸਪਤਾਲ ਵਿਚ ਬੰਬ ਰੱਖਿਆ ਗਿਆ ਹੈ।

ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਪੂਰੇ ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮਰੀਜ਼ਾਂ ਨੂੰ ਕਿਸੇ ਹੋਰ ਥਾਂ ‘ਤੇ ਭੇਜ ਦਿੱਤਾ ਗਿਆ ਹੈ। ਪਾਰਕਿੰਗ ਏਰੀਆ ਤੋਂ ਲੈ ਕੇ ਵਾਰਡ ਤੱਕ ਚੈਕਿੰਗ ਕੀਤੀ ਜਾ ਰਹੀ ਹੈ। ਬੰਬ ਸਕੁਐਡ ਦੇ ਨਾਲ-ਨਾਲ ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਦੀਆਂ ਧਮਕੀਆਂ ਹੋਰ ਹਸਪਤਾਲਾਂ ਨੂੰ ਵੀ ਮਿਲੀਆਂ ਹਨ। ਫਿਲਹਾਲ ਚੰਡੀਗੜ੍ਹ ਸਥਿਤ ਸੰਸਥਾ ‘ਚ ਬੰਬ ਦੀ ਮੌਜੂਦਗੀ ਦੀ ਜਾਂਚ ਚੱਲ ਰਹੀ ਹੈ।

ਇਸ ਸਬੰਧੀ ਭੇਜੀ ਗਈ ਈਮੇਲ ਵਿਚ ਲਿਖਿਆ ਗਿਆ ਹੈ ਕਿ ਬੰਬ ਜਲਦੀ ਹੀ ਫਟ ਜਾਵੇਗਾ। ਉੱਥੇ ਦੇ ਸਾਰੇ ਲੋਕ ਮਾਰੇ ਜਾਣਗੇ। ਇਸ ਮੇਲ ਦੀ ਕਾਪੀ ਕਈ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ।

ਪੁਲਿਸ ਨੇ ਸਿਵਲ ਡਿਫੈਂਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਟੈਂਡਬਾਏ ‘ਤੇ ਰੱਖਿਆ ਹੈ। ਅੰਦਰੋਂ ਪੂਰੇ ਸਟਾਫ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ।