ਚੰਡੀਗੜ੍ਹ, 30 ਨਵੰਬਰ | ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਬੁਲੇਟ ਟਰੇਨ ਲਈ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਰੀਬ 321 ਪਿੰਡਾਂ ਤੋਂ ਜ਼ਮੀਨ ਐਕੁਆਇਰ ਕਰੇਗੀ। ਹੁਣ ਸਰਵੇਖਣ ਜੰਗੀ ਪੱਧਰ ’ਤੇ ਸ਼ੁਰੂ ਹੋ ਗਿਆ ਹੈ। ਇਸ ਹਾਈ ਸਪੀਡ ਰੇਲ ਲਾਈਨ ਲਈ ਸਰਵੇਖਣ ਦਾ ਕੰਮ ਦੋਵਾਂ ਰਾਜਾਂ ਵਿਚ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਬੁਲੇਟ ਟਰੇਨ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ 465 ਕਿਲੋਮੀਟਰ ਦਾ ਸਫਰ ਸਿਰਫ 2 ਘੰਟਿਆਂ ਵਿਚ ਪੂਰਾ ਕਰੇਗੀ।
ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇਹ ਰੇਲ ਗੱਡੀ ਚੰਡੀਗੜ੍ਹ ਸਮੇਤ 15 ਸਟੇਸ਼ਨਾਂ ‘ਤੇ ਰੁਕੇਗੀ। ਇਸ ਬੁਲੇਟ ਟਰੇਨ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਰਨਿੰਗ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਇਲਾਵਾ ਇਕ ਵਾਰ ‘ਚ ਕਰੀਬ 750 ਯਾਤਰੀ ਇਸ ਟਰੇਨ ‘ਚ ਸਫਰ ਕਰ ਸਕਣਗੇ। ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਕੁੱਲ 343 ਪਿੰਡਾਂ ਤੋਂ ਜ਼ਮੀਨ ਐਕੁਆਇਰ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਪੰਜਾਬ ਦੇ ਕੁੱਲ 186 ਪਿੰਡਾਂ ਦੀ ਜ਼ਮੀਨ ਐਕੁਆਇਰ ਕਰੇਗੀ। ਇਸ ਵਿਚ ਮੁਹਾਲੀ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨਤਾਰਨ ਅਤੇ ਰੂਪਨਗਰ ਜ਼ਿਲ੍ਹੇ ਦੇ ਇੱਕ-ਇੱਕ ਪਿੰਡ ਸ਼ਾਮਲ ਹਨ।
ਨਵੀਂ ਰੇਲਵੇ ਲਾਈਨ ਦੇ ਦਾਇਰੇ ਵਿਚ ਆਉਂਦੇ ਪਿੰਡਾਂ ਦੇ ਕਿਸਾਨਾਂ ਨਾਲ IIMR ਏਜੰਸੀ ਦੀ ਤਰਫੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਕਿਸਾਨਾਂ ਨੂੰ ਜ਼ਮੀਨ ਲਈ ਹਰੇਕ ਪਿੰਡ ਦੇ ਕੁਲੈਕਟਰ ਰੇਟ ਤੋਂ ਪੰਜ ਗੁਣਾ ਵੱਧ ਦਿੱਤਾ ਜਾਵੇਗਾ। ਇਸ ਸਬੰਧੀ ਕੇਂਦਰੀ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ ’ਤੇ ਸਰਵੇਖਣ ਕੀਤਾ ਜਾ ਰਿਹਾ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)