ਚੰਡੀਗੜ੍ਹ/ਜਲੰਧਰ | ਪੰਜਾਬ ਪੁਲਿਸ ਨੇ ਖਾਲਿਸਤਾਨ ਸਮਰਥਕ ਅਤੇ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਅੰਮ੍ਰਿਤਪਾਲ ਨੂੰ ਭਗੌੜਾ ਐਲਾਨ ਦਿੱਤਾ ਹੈ। ਉਸ ਦੀਆਂ ਦੋ ਕਾਰਾਂ ਜ਼ਬਤ ਕਰਨ ਦੇ ਨਾਲ-ਨਾਲ ਉਸ ਦੇ ਗੰਨ ਮੈਨਾਂ ਨੂੰ ਵੀ ਫੜ ਲਿਆ ਗਿਆ ਹੈ। ਉਨ੍ਹਾਂ ਦੇ ਹਥਿਆਰਾਂ ਦੀ ਕਾਨੂੰਨੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਅਨੁਸਾਰ ਪੰਜਾਬ ਪੁਲਿਸ ਦੇ ਜਵਾਨ ਅੰਮ੍ਰਿਤਪਾਲ ਸਿੰਘ ਨੂੰ ਜਲਦ ਗਿ੍ਫ਼ਤਾਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ | ਹੁਣ ਤੱਕ 78 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਤਿੱਖੀ ਚੈਕਿੰਗ ਮੁਹਿੰਮ ਜਾਰੀ ਹੈ।
ਪੰਜਾਬ ਪੁਲਿਸ ਮੁਤਾਬਕ ਅੰਮ੍ਰਿਤਪਾਲ ਖਿਲਾਫ ਸੂਬੇ ਭਰ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ, ਜਦਕਿ ਕਈ ਹੋਰ ਖਾਲਿਸਤਾਨ ਸਮਰਥਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਸਮੇਤ ਕਈ ਹੋਰ ਫਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ। ਵਾਰਿਸ ਪੰਜਾਬ ਦੀ ਸੰਸਥਾ ਦਾ ਮੁਖੀ ਅੰਮ੍ਰਿਤਪਾਲ ਕੁਝ ਸਾਥੀਆਂ ਸਮੇਤ ਫਰਾਰ ਹੋ ਗਿਆ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਇਕ 315 ਬੋਰ ਰਾਈਫਲ, ਸੱਤ 12 ਬੋਰ ਰਾਈਫਲ, ਇਕ ਰਿਵਾਲਵਰ ਅਤੇ ਵੱਖ-ਵੱਖ ਕੈਲੀਬਰ ਦੇ 373 ਕਾਰਤੂਸ ਬਰਾਮਦ ਕੀਤੇ ਗਏ ਹਨ।
ਇਸ ਦੌਰਾਨ ਪੂਰਾ ਪੰਜਾਬ ਹਾਈ ਅਲਰਟ ‘ਤੇ ਹੈ।
ਮਾਹੌਲ ਖ਼ਰਾਬ ਹੋਣ ਦੇ ਮੱਦੇਨਜ਼ਰ ਐਤਵਾਰ ਦੁਪਹਿਰ ਤੱਕ ਪੰਜਾਬ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ, ਫਾਜ਼ਿਲਕਾ, ਮੋਗਾ, ਬਠਿੰਡਾ ਅਤੇ ਮੁਕਤਸਰ ਸਮੇਤ ਕਈ ਜ਼ਿਲ੍ਹਿਆਂ ‘ਚ ਧਾਰਾ 144 ਲਾਗੂ ਕਰ ਕੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਪੰਜਾਬ ਦੀ ਹਿਮਾਚਲ ਅਤੇ ਜੰਮੂ-ਕਸ਼ਮੀਰ ਨਾਲ ਲੱਗਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਅੰਮ੍ਰਿਤਪਾਲ ਥਾਣਾ ਅਜਨਾਲਾ ‘ਚ ਪੁਲਿਸ ’ਤੇ ਹਮਲੇ ਦਾ ਮੁਲਜ਼ਮ ਹੈ।
ਅੰਮ੍ਰਿਤਪਾਲ ਦੀ ਕਾਰ ਵਿੱਚ ਬੈਠ ਕੇ ਭੱਜਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਕਾਰ ਵਿਚ ਬੈਠੇ ਉਸ ਦੇ ਇਕ ਸਾਥੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ‘ਭਾਈ ਸਾਬ’ (ਅੰਮ੍ਰਿਤਪਾਲ) ਦੇ ਪਿੱਛੇ ਪੁਲਿਸ ਵਾਲੇ ਸਨ। ਇੱਕ ਹੋਰ ਸਮਰਥਕ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਪੁਲਿਸ ਵਾਲੇ ਉਸ ਦਾ ਪਿੱਛਾ ਕਰ ਰਹੇ ਸਨ।
ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਪਾਲ ਆਪਣੇ ਸਾਥੀਆਂ ਨਾਲ ਜਲੰਧਰ ਦੇ ਸ਼ਾਹਕੋਟ ਮਲਸੀਆਂ ਰੋਡ ‘ਤੇ ਪਹੁੰਚਿਆ ਸੀ। ਪੁਲਿਸ ਅਧਿਕਾਰੀਆਂ ਨੇ ਮੌਕੇ ਤੋਂ ਜਥੇਬੰਦੀ ਦੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਅੰਮ੍ਰਿਤਪਾਲ ਫਰਾਰ ਹੋ ਗਿਆ। ਉਸ ਦੇ ਪਿੱਛੇ ਕਰੀਬ 60 ਪੁਲਿਸ ਦੀਆਂ ਗੱਡੀਆਂ ਸਨ। ਪੁਲਿਸ ਨੂੰ ਪਿੱਛੇ ਦੇਖ ਕੇ ਉਸ ਦਾ ਡਰਾਈਵਰ ਗੱਡੀ ਨੂੰ ਲਿੰਕ ਰੋਡ ਵੱਲ ਮੋੜ ਕੇ ਭਜਾ ਕੇ ਲੈ ਗਿਆ। ਜਲੰਧਰ ਅਤੇ ਮੋਗਾ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਕਈ ਕਿਲੋਮੀਟਰ ਤੱਕ ਪਿੱਛਾ ਕਰਨ ਦੇ ਬਾਵਜੂਦ ਪੁਲਿਸ ਉਸ ਨੂੰ ਕਾਬੂ ਨਹੀਂ ਕਰ ਸਕੀ।
ਅੰਮ੍ਰਿਤਪਾਲ ‘ਤੇ ਅੰਮ੍ਰਿਤਸਰ ਜ਼ਿਲੇ ਦੇ ਅਜਨਾਲਾ ਥਾਣੇ ਵਿਚ 2 ਕੇਸ ਦਰਜ ਹਨ। ਆਪਣੇ ਕਰੀਬੀ ਦੋਸਤ ਲਵਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਨਾਰਾਜ਼ ਅੰਮ੍ਰਿਤਪਾਲ ਨੇ ਆਪਣੇ ਸਮਰਥਕਾਂ ਨਾਲ 23 ਫਰਵਰੀ ਨੂੰ ਅਜਨਾਲਾ ਥਾਣੇ ‘ਤੇ ਹਮਲਾ ਕਰ ਦਿੱਤਾ ਸੀ। ਉਸ ‘ਤੇ ਕਾਰਵਾਈ ਨਾ ਕਰਨ ‘ਤੇ ਪੰਜਾਬ ਪੁਲਿਸ ਦੀ ਕਾਫੀ ਆਲੋਚਨਾ ਹੋਈ ਸੀ। ਅੰਮ੍ਰਿਤਪਾਲ ‘ਤੇ ਦੋਸ਼ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ‘ਚ ਥਾਣੇ ਪਹੁੰਚਿਆ ਅਤੇ ਭੀੜ ਨੂੰ ਹਮਲਾ ਕਰਨ ਲਈ ਉਕਸਾਇਆ। ਇਸ ਤੋਂ ਇਲਾਵਾ ਉਸ ਖਿਲਾਫ ਭੜਕਾਊ ਭਾਸ਼ਣ ਦੇਣ ਦਾ ਵੀ ਮਾਮਲਾ ਦਰਜ ਹੈ।