ਵੱਡੀ ਖ਼ਬਰ : ਸਟੱਡੀ ਵੀਜ਼ੇ ‘ਤੇ ਇੰਗਲੈਂਡ ਗਈ 19 ਸਾਲ ਦੀ ਪੰਜਾਬਣ ਦਾ ਛੁਰਾ ਮਾਰ ਕੇ ਕਤਲ; ਪਤੀ ‘ਤੇ ਲੱਗੇ ਮਾਰਨ ਦੇ ਇਲਜ਼ਾਮ

0
1960

ਗੁਰਦਾਸਪੁਰ/ਕਾਦੀਆਂ, 31 ਅਕਤੂਬਰ | ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲ ਦੀ ਵਿਆਹੁਤਾ ਮਹਿਕ ਸ਼ਰਮਾ ਦਾ ਲੰਡਨ ਸਥਿਤ ਘਰ ਅੰਦਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਦੀ ਮਾਤਾ ਮਧੂ ਬਾਲਾ ਪਤਨੀ ਤਿਰਲੋਕ ਚੰਦ ਵਾਸੀ ਜੋਗੀ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਮਹਿਕ ਸ਼ਰਮਾ ਦਾ ਵਿਆਹ 1 ਸਾਲ ਪਹਿਲਾਂ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ।

ਉਨ੍ਹਾਂ ਦੀ ਬੇਟੀ ਬਾਰ੍ਹਵੀਂ ਪਾਸ ਸੀ ਤੇ 20 ਨਵੰਬਰ 2022 ਨੂੰ ਸਟੱਡੀ ਵੀਜ਼ਾ ‘ਤੇ ਲੰਡਨ ਗਈ ਸੀ। ਇਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਬੇਟੀ ਦਾ ਪਤੀ ਸਾਹਿਲ ਸ਼ਰਮਾ ਸਪਾਊਸ ਵੀਜ਼ੇ ‘ਤੇ ਲੰਡਨ ਗਿਆ ਸੀ। ਮਹਿਕ ਸ਼ਰਮਾ ਨੇ ਆਪਣੀ ਪੜ੍ਹਾਈ ਨੂੰ ਸਕਿੱਲਡ ਵਰਕਰ ਵਰਕ ਪਰਮਿਟ ‘ਚ ਤਬਦੀਲ ਕਰ ਲਿਆ ਸੀ ਅਤੇ ਮੌਜੂਦਾ ਸਮੇਂ ਫੈਬੂਲਸ ਹੋਮ ਕੇਅਰ ਲਿਮਟਿਡ ‘ਚ ਕੇਅਰਟੇਕਰ ਵਜੋਂ ਕੰਮ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਸਾਹਿਲ ਲੰਡਨ ਗਿਆ, ਉਦੋਂ ਤੋਂ ਉਹ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰ ਰਿਹਾ ਸੀ। ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।

ਉਨ੍ਹਾਂ ਦੱਸਿਆ ਕਿ ਉਹ ਆਪਣੀ ਧੀ ਨਾਲ ਸੰਪਰਕ ਨਹੀਂ ਕਰ ਪਾ ਰਹੀ ਸੀ। ਬਾਅਦ ‘ਚ ਉਸ ਨੂੰ ਲੰਡਨ ਤੋਂ ਫੋਨ ਆਇਆ ਕਿ ਉਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਲੰਡਨ ਪੁਲਿਸ ਨੇ ਇਸ ਸਬੰਧ ‘ਚ ਇਕ 23 ਸਾਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਧੂਬਾਲਾ ਨੇ ਦੱਸਿਆ ਕਿ ਉਸ ਦੀ ਧੀ ਦਾ ਕਤਲ ਉਸ ਦੇ ਜਵਾਈ ਸਾਹਿਲ ਸ਼ਰਮਾ ਨੇ ਕੀਤਾ ਹੈ। ਉਸ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਲੜਕੀ ਦੀ ਦੇਹ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਦੂਜੇ ਪਾਸੇ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।