ਮੋਹਾਲੀ, 4 ਅਕਤੂਬਰ | ਡੇਰਾਬੱਸੀ ‘ਚ ਦਿਨ ਦਿਹਾੜੇ ਬਾਈਕ ਸਵਾਰ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਵਿਅਕਤੀ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕਰਮਬੀਰ ਸਿੰਘ (45) ਵਜੋਂ ਹੋਈ ਹੈ। ਉਹ ਪਿੰਡ ਰਾਮਪੁਰ ਬਹਿਲ ਡੇਰਾਬੱਸੀ ਦਾ ਵਸਨੀਕ ਸੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਫੜ ਲਿਆ ਜਾਵੇਗਾ।
ਅੱਜ ਸਵੇਰੇ ਕਰਮਬੀਰ ਇੱਕ ਔਰਤ ਰਿਸ਼ਤੇਦਾਰ ਨੂੰ ਬਾਈਕ ‘ਤੇ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰਸਤੇ ‘ਚ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਹਮਲਾ ਕਰ ਦਿੱਤਾ। ਉਸ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ। ਦੋਸ਼ੀ ਬਾਈਕ ‘ਤੇ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਕਰਮਬੀਰ ਇੱਕ ਪ੍ਰਾਈਵੇਟ ਕੰਪਨੀ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਮੁਲਜ਼ਮਾਂ ਨੇ ਸਿਰਫ਼ ਉਸ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ।
ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਲਈ ਉਹ ਉਸ ਇਲਾਕੇ ਵਿਚ ਸਥਿਤ ਘਰਾਂ ਅਤੇ ਦੁਕਾਨਾਂ ਵਿਚ ਜਾ ਰਹੀ ਹੈ ਤਾਂ ਜੋ ਜੇਕਰ ਕਿਤੇ ਸੀ.ਸੀ.ਟੀ.ਵੀ.ਕੈਮਰੇ ਲੱਗੇ ਹੋਣ ਤਾਂ ਉਹ ਦੋਸ਼ੀਆਂ ਬਾਰੇ ਕੁਝ ਜਾਣਕਾਰੀ ਹਾਸਲ ਕਰ ਸਕਣ।




































