ਮੇਲਾ ਦੇਖਣ ਆਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਹੂ-ਲੁਹਾਨ ਕਰ ਕੇ ਫਰਾਰ ਹੋ ਗਏ ਬਦਮਾਸ਼

0
272

ਮੋਹਾਲੀ, 14 ਅਕਤੂਬਰ | ਬਲੌਂਗੀ ਥਾਣਾ ਖੇਤਰ ‘ਚ ਦੋਸਤਾਂ ਨਾਲ ਦੁਸਹਿਰਾ ਮੇਲਾ ਦੇਖਣ ਆਏ ਇਕ ਨੌਜਵਾਨ ‘ਤੇ ਚਾਕੂ ਅਤੇ ਰਾਡ ਨਾਲ ਹਮਲਾ ਕਰ ਕੇ ਉਸ ਨੂੰ ਲਹੂ-ਲੁਹਾਨ ਕੀਤਾ ਗਿਆ। ਜ਼ਖਮੀ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੂਰਜ ਵਜੋਂ ਹੋਈ ਹੈ। ਬਲੌਂਗੀ ਥਾਣੇ ਦੀ ਪੁਲਿਸ ਨੇ 6 ਤੋਂ 7 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ।

ਸ਼ੁਰੂਆਤੀ ਜਾਂਚ ਵਿਚ ਪੁਲਿਸ ਨੇ ਇਸ ਵਾਰਦਾਤ ਦਾ ਮੁੱਖ ਕਾਰਨ ਦੁਸ਼ਮਣੀ ਪਾਇਆ ਹੈ। ਪੁਲਿਸ ਦੋਸ਼ੀ ਦੀ ਸ਼ਨਾਖਤ ਕਰਨ ਲਈ ਉਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਕਾਰਨਾਂ ਬਾਰੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੂਰਜ ਦੇ ਭਰਾ ਸਚਿਨ ਨੇ ਦੱਸਿਆ ਕਿ ਸੂਰਜ ਆਪਣੇ ਕੁਝ ਦੋਸਤਾਂ ਤੇ ਸਾਥੀ ਲੜਕੀਆਂ ਨਾਲ ਬਲੌਂਗੀ ਵਿਖੇ ਦੁਸਹਿਰਾ ਮੇਲਾ ਦੇਖਣ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਝੂਲੇ ਲੈਣ ਲੱਗਾ। ਜਿਵੇਂ ਹੀ ਉਹ ਝੂਲੇ ਤੋਂ ਹੇਠਾਂ ਉਤਰਿਆ ਤਾਂ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਉਸ ‘ਤੇ ਰਾਡਾਂ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਸੂਰਜ ਨੂੰ ਖੂਨ ਨਾਲ ਲੱਥਪੱਥ ਕਰਨ ਵਾਲੇ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਕਿ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਫੇਜ਼-6 ਦੇ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਭਰਾ ਸਚਿਨ ਨੇ ਦੱਸਿਆ ਕਿ ਜਿਸ ਤਰ੍ਹਾਂ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਮੁਲਜ਼ਮਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।