ਅਕਾਲ ਤਖ਼ਤ ਦਾ ਵਡਾ ਫੈਸਲਾ : ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ!

0
3424

ਪੰਜਾਬ, 30 ਅਗਸਤ | ਆਪਣੇ ਕਾਰਜਕਾਲ ਵਿੱਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਦਿੱਤੇ ਗਏ ਮੁਆਫੀਨਾਮੇ ਉੱਤੇ ਅਹਿਮ ਫੈਸਲਾ ਆ ਗਿਆ ਹੈ। ਦਰਅਸਲ ਅੱਜ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅੱਜ 11 ਵਜੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਜਿਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪੇਸ਼ੀ ਦੀ ਉਮੀਦ ਵੀ ਜਤਾਈ ਜਾ ਰਹੀ ਸੀ। ਇਸ ਮੌਕੇ ਹਰ ਇੱਕ ਦੀ ਨਜ਼ਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ‘ਤੇ ਬਣੀ ਹੋਈ ਸੀ, ਕਿ ਕੀ ਸੁਖਬੀਰ ਬਾਦਲ ਨੂੰ ਮਿਸਾਲੀ ਸਜ਼ਾ ਹੋਵੇਗੀ ਕਿ ਨਹੀਂ। ਉਨ੍ਹਾਂ ਉੱਤੇ ਅੱਜ ਫੈਸਲਾ ਹੋਵੇਗਾ ਜਾਂ ਨਹੀਂ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਹਾ ਗਿਆ ਕਿ  “ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਹੋਈ, ਜਿਸ ਵਿੱਚ ਪੰਜ ਸਿੰਘ ਸਾਹਿਬਾਨ ਦੀ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁੰਦਿਆਂ ਹੋਇਆ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਬਹੁਤ ਭਾਰੀ ਢਾਹ ਲੱਗੀ। ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ, ਸਿੱਖ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ, ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਵਿਜੇ ਰੂਪ ਵਿੱਚ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਦੇਣ। ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿੱਖ ਸੰਗਤ ਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਨਹੀਂ ਮੰਗਦਾ, ਉੰਨਾ ਚਿਰ ਉਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਬਾਗ਼ੀ ਧੜੇ ਵੱਲੋਂ ਸੁਖਬੀਰ ਸਿੰਘ ਬਾਦਲ ਖਿਲਾਫ ਦਿੱਤੀ ਸ਼ਿਕਾਇਤ ਤੋਂ ਬਾਅਦ ਲਗਾਤਾਰ ਮੰਗ ਉੱਠ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਹਟਾਇਆ ਜਾਵੇ ਜਿਸ ਨੂੰ ਲੈਕੇ ਬੀਤੇ ਦਿਨ ਹੀ ਲੰਮੀ ਵਿਚਾਰ ਚਰਚਾ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ “ਸੁਖਬੀਰ ਸਿੰਘ ਬਾਦਲ ਦੇ ਮਨ ਦੀ ਹੀ ਇਹ ਇੱਛਾ ਸੀ ਕਿ ਉਨ੍ਹਾਂ ਦੇ ਫੈਸਲੇ ਤੋਂ ਪਹਿਲਾਂ ਪਾਰਟੀ ਦੀ ਨੁਮਾਇੰਦਗੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਸਪੱਸ਼ਟੀਕਰਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੰਗਿਆ ਸੀ ਉਹ ਜਾਤੀ ਤੌਰ ਉੱਤੇ ਪੇਸ਼ ਹੋ ਕੇ ਨਿਮਾਣੇ ਸਿੱਖ ਦੇ ਤੌਰ ਉੱਤੇ ਦਿੱਤਾ ਸੀ”।