ਜਲੰਧਰ/ਚੰਡੀਗੜ੍ਹ | ਕਾਂਗਰਸ ਨੇ ‘ਆਪ’ ਨੂੰ ਇਸ ਵਾਰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਸੁਰਿੰਦਰ ਚੌਧਰੀ ਇਕ ਵਾਰ ਫਿਰ ਘਰ ਪਰਤ ਆਏ ਹਨ। ਦੱਸਣਯੋਗ ਹੈ ਕਿ ਜਿੱਥੇ ‘ਆਪ’ ਪਾਰਟੀ ਲਗਾਤਾਰ ਕਾਂਗਰਸ ਨੂੰ ਝਟਕਾ ਦੇ ਰਹੀ ਸੀ ਅਤੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਵਾਉਣ ਲਈ ਕਹਿ ਰਹੀ ਸੀ, ਉਥੇ ਹੀ ਅੱਜ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ‘ਚ ਸੁਰਿੰਦਰ ਚੌਧਰੀ ਘਰ ਪਰਤ ਕੇ ਮੁੜ ਕਾਂਗਰਸ ‘ਚ ਸ਼ਾਮਲ ਹੋ ਗਏ।
CM ਭਗਵੰਤ ਮਾਨ ਵੱਲੋਂ ਸੁਸ਼ੀਲ ਰਿੰਕੂ ਦੇ ਹੱਕ ‘ਚ ਕਰਤਾਰਪੁਰ ‘ਚ ਕੀਤੀ ਗਈ ਪਹਿਲੀ ਰੈਲੀ ਦੌਰਾਨ ਸੀ.ਐਮ. ਮਾਨ ਨੇ ਚੌਧਰੀ ਪਰਿਵਾਰ ਨੂੰ ਝਟਕਾ ਦਿੰਦੇ ਹੋਏ ਕੁਝ ਦਿਨ ਪਹਿਲਾਂ ਸੁਰਿੰਦਰ ਚੌਧਰੀ ਨੂੰ ‘ਆਪ’ ‘ਚ ਸ਼ਾਮਲ ਕਰ ਲਿਆ ਸੀ ਪਰ ਕੁਝ ਦਿਨਾਂ ਬਾਅਦ ਪ੍ਰਤਾਪ ਬਾਜਵਾ ਨੇ ਸੀ.ਐਮ ਮਾਨ ਨੂੰ ਫਿਰ ਝਟਕਾ ਦਿੱਤਾ ਅਤੇ ਚੌਧਰੀ ਪਰਿਵਾਰ ਨੂੰ ਇਕਜੁੱਟ ਕਰ ਦਿੱਤਾ।
ਜ਼ਿਮਨੀ ਚੋਣ ਤੋਂ ਪਹਿਲਾਂ ਜਲੰਧਰ ਵਿਚ ਇਕ ਵਾਰ ਫਿਰ ਸਿਆਸੀ ਫੇਰਬਦਲ ਹੋਇਆ ਹੈ। 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਭਤੀਜੇ ਅਤੇ ਹਲਕਾ ਕਰਤਾਰਪੁਰ ਤੋਂ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ ਵਿਚ ਉਨ੍ਹਾਂ ਨੇ ਕਾਂਗਰਸ ਵਿਚ ਵਾਪਸੀ ਕੀਤੀ ਹੈ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਕਰਤਾਰਪੁਰ ਚੋਣ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ ਅਤੇ 13 ਮਈ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ। ਚੋਣ ਤੋਂ ਪਹਿਲਾਂ ਸਿਆਸੀ ਫੇਰਬਦਲ ਜ਼ੋਰਾਂ ‘ਤੇ ਹੈ।