ਨਵੀਂ ਦਿੱਲੀ, 27 ਦਸੰਬਰ | ਮੁਸਲਿਮ ਲੀਗ ਜੰਮੂ-ਕਸ਼ਮੀਰ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਅਧਿਨਿਯਮ ਤਹਿਤ ਗੈਰ-ਕਾਨੂੰਨੀ ਸੰਗਠਨ ਐਲਾਨਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਮੁਸਲਿਮ ਲੀਗ ਜੰਮੂ-ਕਸ਼ਮੀਰ/ਐੱਮਐੱਲਜੇਕੇ-ਐੱਮਏ ਨੂੰ UAPA ਤਹਿਤ ‘ਗੈਰ-ਕਾਨੂੰਨੀ’ ਸੰਘ ਐਲਾਨਿਆ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਟਵੀਟ ਵਿਚ ਲਿਖਿਆ ਕਿ ਇਹ ਸੰਗਠਨ ਅਤੇ ਇਸ ਦੇ ਮੈਂਬਰ ਜੰਮੂ-ਕਸ਼ਮੀਰ ਵਿਚ ਰਾਸ਼ਟਰ ਵਿਰੋਧੀ ਤੇ ਵੱਖਵਾਦੀ ਗਤੀਵਿਧੀਆਂ ਵਿਚ ਸ਼ਾਮਲ ਹਨ। ਅੱਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਦੇ ਹਨ ਤੇ ਲੋਕਾਂ ਨੂੰ ਜੰਮੂ-ਕਸ਼ਮੀਰ ਵਿਚ ਇਸਲਾਮੀ ਸ਼ਾਸਨ ਸਥਾਪਤ ਕਰਨ ਲਈ ਉਕਸਾਉਂਦੇ ਹਨ। ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਕਿ ਪੀਐੱਮ ਨਰਿੰਦਰ ਮੋਦੀ ਦੀ ਸਰਕਾਰ ਦਾ ਸੰਦੇਸ਼ ਜ਼ੋਰਦਾਰ ਤੇ ਸਪੱਸ਼ਟ ਹੈ ਕਿ ਸਾਡੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਖਿਲਾਫ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਨੂੰ ਕਾਨੂੰਨ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਵੇਗਾ।
ਮੁਸਲਿਮ ਲੀਗ ਮਸਰਤ ਆਲਮ ਗਰੁੱਪ ਦੀ ਨੁਮਾਇੰਦਗੀ ਮਸਰਤ ਆਲਮ ਭੱਟ ਕਰਦਾ ਹੈ। ਉਹ ਆਪਣੀ ਰਾਸ਼ਟਰ ਵਿਰੋਧੀ ਤੇ ਪਾਕਿਸਤਾਨ ਸਮਰਥਕ ਪ੍ਰਚਾਰ ਲਈ ਜਾਣਿਆ ਜਾਂਦਾ ਹੈ। ਇਹ ਸੰਗਠਨ ਜੰਮੂ ਤੇ ਕਸ਼ਮੀਰ ਨੂੰ ਭਾਰਤ ਤੋਂ ਆਜ਼ਾਦ ਕਰਨਾ ਚਾਹੁੰਦਾ ਹੈ ਤਾਂ ਕਿ ਜੰਮੂ ਤੇ ਕਸ਼ਮੀਰ ਦਾ ਪਾਕਿਸਤਾਨ ਵਿਚ ਰਲੇਵਾਂ ਹੋ ਸਕੇ ਤੇ ਜੰਮੂ-ਕਸ਼ਮੀਰ ਵਿਚ ਇਸਲਾਮੀ ਸ਼ਾਸਨ ਸਥਾਪਤ ਹੋ ਸਕੇ। ਇਸ ਸੰਗਠਨ ਦੇ ਮੈਂਬਰ ਜੰਮੂ-ਕਸ਼ਮੀਰ ਵਿਚ ਵੱਖਵਾਦ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ।