ਬਠਿੰਡਾ, 30 ਜਨਵਰੀ | ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਿਥੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਤੇ ਟਿਕਾਣਿਆ ਉਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਉਥੇ ਨਸ਼ਾ ਤਸਕਰਾਂ ਵੱਲੋਂ ਤਸਕਰੀ ਰਾਹੀਂ ਬਣਾਈ ਪ੍ਰਾਪਰਟੀ ਨੂੰ ਫਰੀਜ਼ ਕਰਵਾਉਣ ਲਈ 68-ਐਫ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਕੋਲ ਭੇਜੇ ਜਾ ਰਹੇ ਹਨ।
ਗੁਰਦੇਵ ਸਿੰਘ ਧਾਲੀਵਾਲ ਡੀਐਸਪੀ ਭੁੱਚੋ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬਠਿੰਡਾ ਵਿਖੇ ਪੁਲਿਸ ਵੱਲੋਂ ਕੁੱਲ 29 ਐਨਡੀਪੀਐੱਸ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਕੋਲ ਭੇਜੇ ਗਏ ਸਨ ਜਿਨ੍ਹਾਂ ਵਿਚ ਥਾਣਾ ਨਥਾਨਾ ਸਮੇਤ 18 ਕੇਸ ਕਨਫਰਮ ਹੋ ਚੁੱਕੇ ਹਨ। ਬਾਕੀ 11 ਪੈਂਡਿੰਗ ਹਨ, ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਉਰਫ ਸੀਰਾ ਵਾਸੀ ਜਗਤਾ ਪੱਤੀ ਨਥਾਨਾ, ਜਿਸ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਨਥਾਣਾ ਵਿਖੇ ਕੇਸ ਦਰਜ ਹੈ, ਜਿਸ ਵਿਚ ਇਸ ਪਾਸੋਂ ਕਮਰਸ਼ੀਅਲ ਕੁਆਂਟਿਟੀ ਦੇ ਨਸ਼ੇ ਬਰਾਮਦ ਹੋਏ ਸਨ। ਨਸ਼ਾ ਤਸਕਰੀ ਕਰਕੇ 32 ਲੱਖ 65 ਹਜ਼ਾਰ ਦੀ ਕੀਮਤ ਦੀ ਪ੍ਰਾਪਰਟੀ ਬਣਾਈ ਗਈ ਹੈ ਅਤੇ ਮਨਪ੍ਰੀਤ ਸਿੰਘ ਉਰਫ ਬੁਲੜ ਪੁੱਤਰ ਬੇਅੰਤ ਸਿੰਘ ਪਿੰਡ ਘੁੰਮਣ ਕਲਾਂ ਖਿਲਾਫ ਮੁਕਦਮਾ ਨੰਬਰ 90 ਮਿਤੀ 3-1-2023 ਅ/ਧ 22 ਸੀ NDPS Act ਥਾਣਾ ਮੌੜ ਵਿਖੇ ਦਰਜ ਹੈ, ਜਿਸ ਵੱਲੋਂ ਨਸ਼ਾ ਤਸਕਰੀ ਕਰਕੇ 15 ਲੱਖ 75 ਹਜ਼ਾਰ ਰੁਪਏ ਦੀ ਪ੍ਰਾਪਰਟੀ ਦਾ ਕੇਸ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਸੀ, ਜਿਸ ਦੇ ਆਰਡਰ ਮੌਸੂਲ ਹੋਣ ਉਤੇ ਉਸਦੇ ਘਰ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ ਕਿ ਹੁਣ ਉਹ ਇਹ ਘਰ ਵੇਚ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।