ਮੋਹਾਲੀ | ਅੰਮ੍ਰਿਤਪਾਲ ‘ਤੇ ਕਾਰਵਾਈ ਦੇ ਵਿਰੋਧ ‘ਚ ਮੋਹਾਲੀ ਵਿਚ 90 ਘੰਟਿਆਂ ਤੋਂ ਜਾਮ ਲਾਉਣ ਵਾਲੇ ਪ੍ਰਦਰਸ਼ਨਕਾਰੀਆਂ ‘ਤੇ ਪੰਜਾਬ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਟੈਂਟ ਉਖਾੜ ਦਿੱਤੇ ਹਨ ਅਤੇ ਰਸਤਾ ਖਾਲੀ ਕਰਵਾ ਦਿੱਤਾ ਹੈ। ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਵਿਚ ਚੱਲ ਰਹੇ ਆਪ੍ਰੇਸ਼ਨ ਤੋਂ ਨਾਰਾਜ਼ ਉਨ੍ਹਾਂ ਦੇ ਕੁਝ ਸਮਰਥਕਾਂ ਨੇ 18 ਮਾਰਚ ਦੀ ਸ਼ਾਮ ਤੋਂ ਮੋਹਾਲੀ ਵਿਚ ਜਾਮ ਲਾ ਦਿੱਤਾ ਸੀ।
ਇਥੇ ਕਈ ਨੌਜਵਾਨ ਹੱਥਾਂ ਵਿਚ ਗੰਡਾਸੇ, ਤਲਵਾਰਾਂ, ਡੰਡੇ ਲੈ ਕੇ ਖੜ੍ਹੇ ਸਨ। ਮੰਗਲਵਾਰ ਸਵੇਰੇ ਪੰਜਾਬ ਪੁਲਿਸ ਹਰਕਤ ਵਿਚ ਆਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਹਿਰਾਸਤ ਵਿਚ ਲੈਣ ਲਈ ਪਹਿਲਾਂ ਹੀ ਬੱਸਾਂ ਤਿਆਰ ਰੱਖੀਆਂ ਗਈਆਂ ਸਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਚੁੱਕ ਕੇ ਬੱਸਾਂ ਵਿਚ ਬਿਠਾਇਆ। ਕਈਆਂ ਨੂੰ ਨਜ਼ਰਬੰਦ ਕਰ ਦਿੱਤਾ ਹੈ।