ਭਾਨਾ ਸਿੱਧੂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸੰਗਰੂਰ ਦੇ ਰਹਿਣ ਵਾਲੇ ਭਾਨਾ ਸਿੱਧੂ ਵਿਰੁਧ ਚੈਨ ਸਨੈਚਿੰਗ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਤਿੰਨ ਦਿਨਾਂ ਤੋਂ ਪਟਿਆਲਾ ਸਦਰ ਪੁਲਿਸ ਕੋਲ ਰਿਮਾਂਡ ‘ਤੇ ਚੱਲ ਰਹੇ ਭਾਨਾ ਸਿੱਧੂ ਨੂੰ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ ਨੇ ਨਿਆਂਇਕ ਹਿਰਾਸਤ ਪਟਿਆਲਾ ਜੇਲ ਵਿਚ ਭੇਜਣ ਦੇ ਹੁਕਮ ਦਿਤੇ ਹਨ। ਜੇਲ ਛੱਡਣ ਤੋਂ ਪਹਿਲਾਂ ਪਟਿਆਲਾ ਪੁਲਿਸ ਵਲੋਂ ਭਾਨਾ ਸਿੱਧੂ ਦਾ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ।
ਇਸ ਤੋਂ ਪਹਿਲਾਂ ਲੁਧਿਆਣਾ ਵਿਚ ਇਕ ਮਹਿਲਾ ਟਰੈਵਲ ਏਜੰਟ ਨੇ ਉਸ ਦੇ ਖਿਲਾਫ਼ ਧਰਨਾ ਚੁੱਕਣ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਬਾਅਦ ਵਿਚ ਭਾਨਾ ਸਿੱਧੂ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ। ਇਸ ਤੋਂ ਪਹਿਲਾਂ ਹੀ ਭਾਨਾ ਸਿੱਧੂ ਵਿਰੁਧ ਇਕ ਹੋਰ ਮਾਮਲਾ ਦਰਜ ਹੋ ਗਿਆ।
ਇਸ ਤੋਂ ਇਲਾਵਾ ਅਬੋਹਰ ਦੇ ਥਾਣਾ ਰੋਡ ‘ਤੇ ਸਥਿਤ ਇਕ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਨੂੰ ਬਲੈਕਮੇਲ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ‘ਚ ਵੀ ਪੁਲਿਸ ਨੇ ਭਾਨਾ ਸਿੱਧੂ ਅਤੇ ਦੋ ਹੋਰਾਂ ਵਿਰੁਧ ਮਾਮਲਾ ਦਰਜ ਕੀਤਾ ਹੈ।