ਲੁਧਿਆਣਾ ‘ਚ ਭਾਨਾ ਸਿੱਧੂ ਗ੍ਰਿਫ਼ਤਾਰ, FIR ਦਰਜ, 5 ਮਹੀਨੇ ਪਹਿਲਾਂ ਮਹਿਲਾ ਟਰੈਵਲ ਏਜੰਟ ਨੂੰ ਧਮਕਾਉਣ ਦਾ ਦੋਸ਼

0
122

ਲੁਧਿਆਣਾ, 21 ਜਨਵਰੀ| ਪੰਜਾਬ ਦੇ ਲੁਧਿਆਣਾ ਵਿਚ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੇ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ ‘ਚ ਔਰਤ ਨੇ ਪੁਲਿਸ ਨੂੰ ਫ਼ੋਨ ਦੀ ਰਿਕਾਰਡਿੰਗ ਪੇਸ਼ ਕੀਤੀ। ਇਸ ਮਗਰੋਂ ਪੁਲਿਸ ਨੇ ਭਾਨਾ ਸਿੱਧੂ ਖ਼ਿਲਾਫ਼ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ (42) ਵਾਸੀ ਸੈਕਟਰ-32 ਏ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਇਮੀਗ੍ਰੇਸ਼ਨ ਦਫ਼ਤਰ ਇਸ਼ਮੀਤ ਚੌਕ ਥਾਣਾ ਮਾਡਲ ਟਾਊਨ ਨੇੜੇ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ। ਕਈ ਵਾਰ ਜਦੋਂ ਲੋਕਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਉਹ ਉਨ੍ਹਾਂ ਦੇ ਪੂਰੇ ਪੈਸੇ ਵੀ ਵਾਪਸ ਕਰ ਦਿੰਦੀ ਹੈ।

ਬਲੌਗਰ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਬੁੱਧਵਾਰ ਨੂੰ ਉਹ ਸੰਗਤ ਦਰਸ਼ਨ ਲਗਾ ਕੇ ਟਰੈਵਲ ਏਜੰਟਾਂ ਖਿਲਾਫ ਬੋਲਦੇ ਹੋਏ ਨਜ਼ਰ ਆਏ, ਉਹ ਕਹਿ ਰਹੇ ਹਨ ਕਿ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਮੈਂ ਆ ਕੇ ਟਰੈਵਲ ਏਜੰਟਾਂ ਦੇ ਘਰਾਂ ਦੇ ਬਾਹਰ ਧਰਨਾ ਦੇਵਾਂਗਾ। ਇਸ ਧਮਕੀ ਤੋਂ ਬਾਅਦ ਭਾਨਾ ਸਿੱਧੂ ਨੇ 30 ਅਗਸਤ 2023 ਨੂੰ ਸਵੇਰੇ 8.30 ਵਜੇ ਮੇਰੇ ਮੋਬਾਈਲ ਨੰਬਰ ‘ਤੇ ਫੋਨ ਕੀਤਾ।

ਭਾਨਾ ਨੇ ਉਸ ਨਾਲ ਆਪਣੇ ਮੋਬਾਈਲ ਫੋਨ ’ਤੇ ਗੱਲ ਕਰਦਿਆਂ ਉਸ ਨੂੰ 10 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਉਹ ਧਰਨੇ ਵਾਲੀਆਂ ਗੱਡੀਆਂ ਵਾਪਸ ਲੈ ਸਕੇ।

ਇੰਦਰਜੀਤ ਨੇ ਇਸ ਗੱਲਬਾਤ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਪੇਸ਼ ਕੀਤੀ ਹੈ। ਇੰਦਰਜੀਤ ਅਨੁਸਾਰ 25 ਅਕਤੂਬਰ 2023 ਨੂੰ ਸਵੇਰੇ ਕਰੀਬ 10.30 ਵਜੇ ਭਾਨਾ ਸਿੱਧੂ ਨੇ ਮੇਰੇ ਮੋਬਾਈਲ ‘ਤੇ ਇੱਕ ਨੰਬਰ ਤੋਂ ਫ਼ੋਨ ਕੀਤਾ।

ਭਾਨਾ ਬੋਲਿਆ, ਮੇਰੇ ਲੋਕਾਂ ਨੂੰ ਪੈਸੇ ਵਾਪਸ ਕਰ ਦਿਓ ਜੋ ਤੁਹਾਡੇ ਕੋਲ ਪੈਸੇ ਲੈਣ ਆਉਂਦੇ ਹਨ। ਜੇਕਰ ਤੁਸੀਂ 10 ਦਿਨਾਂ ਦੇ ਅੰਦਰ ਪੈਸੇ ਵਾਪਸ ਨਾ ਕੀਤੇ ਤਾਂ ਮੈਂ ਤੁਹਾਡੇ ਘਰ ਜਾਂ ਤੁਹਾਡੇ ਸਹੁਰੇ ਘਰ ਦੇ ਬਾਹਰ ਤੁਹਾਨੂੰ ਜ਼ਲੀਲ ਕਰਾਂਗਾ। ਇੰਦਰਜੀਤ ਅਨੁਸਾਰ ਭਾਨਾ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਭਾਨਾ ਸਿੱਧੂ ਨਾਲ ਉਸ ਦਾ ਕੋਈ ਲੈਣ-ਦੇਣ ਨਹੀਂ ਹੈ।