ਹਸਪਤਾਲ ‘ਚੋਂ ਆਉਣ ਮਗਰੋਂ ਐਕਸ਼ਨ ਮੋਡ ‘ਚ ਭਗਵੰਤ ਮਾਨ, ਮੰਡੀਆਂ ‘ਚ ਖਰੀਦ ਦੇ ਮੁੱਦੇ ‘ਤੇ ਸੱਦੀ ਮੀਟਿੰਗ

0
616

ਚੰਡੀਗੜ੍ਹ, 29 ਸਤੰਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਬਿਲਕੁਲ ਠੀਕ ਹੈ, ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। ਹਸਪਤਾਲ ਵਿਚੋਂ ਛੁੱਟੀ ਮਿਲਦੇ ਹੀ ਭਗਵੰਤ ਮਾਨ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ। ਸ਼ਾਮ 5 ਵਜੇ ਮੁੱਖ ਮੰਤਰੀ ਨਿਵਾਸ ਉਤੇ ਮੀਟਿੰਗ ਬੁਲਾ ਲਈ ਹੈ। ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਡੀਆਂ ‘ਚ ਖਰੀਦ ਦੇ ਮੁੱਦੇ ‘ਤੇ ਮੀਟਿੰਗ ਬੁਲਾਈ ਹੈ।

ਉਹ ਖਰੀਦ ਦੇ ਮੁੱਦੇ ‘ਤੇ ਸਮੀਖਿਆ ਮੀਟਿੰਗ ਕਰਨਗੇ। ਕਿਸਾਨਾਂ ਦੇ ਮਸਲੇ ਹੱਲ ਕਰਨਾ ਪਹਿਲੀ ਤਰਜੀਹ ਹੋਵੇਗੀ। ਮੁੱਖ ਮੰਤਰੀ ਮੰਡੀਆਂ ‘ਚ ਵਿਵਸਥਾ ਸੁਧਾਰਨ ਲਈ ਸਖ਼ਤ ਹੁਕਮ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਯਾਨੀ ਸ਼ਨੀਵਾਰ ਨੂੰ ਮੋਹਾਲੀ ਫੋਰਟਿਸ ਹਸਪਤਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਬੁਲੇਟਿਨ ਜਾਰੀ ਕੀਤਾ ਗਿਆ ਸੀ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ ਆਰ ਕੇ ਜਸਵਾਲ ਨੇ ਦੱਸਿਆ ਸੀ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਕੀਤੀ ਗਈ ਹੈ। ਉਹ ਹੁਣ ਬਿਲਕੁਲ ਠੀਕ ਹਨ।

ਇਸ ਵੇਲੇ ਮੁੱਖ ਮੰਤਰੀ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ ਅਤੇ ਖੂਨ ਦੇ ਟੈਸਟਾਂ ਦੀਆਂ ਰਿਪੋਰਟਾਂ ਵੀ ਠੀਕ ਹਨ। ਮੁੱਖ ਮੰਤਰੀ ਨੂੰ ਪਹਿਲਾਂ ਹੀ ਢੁਕਵੀਂ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਰੋਗ ਸਬੰਧੀ ਜਾਂਚਾਂ ਨੇ ਤਸੱਲੀ ਬਖ਼ਸ਼ ਸੁਧਾਰ ਦਿਖਾਇਆ ਹੈ।

ਬੀਤੇ ਦਿਨੀਂ ਹਸਪਤਾਲ ਵਿੱਚ ਮੁੱਖ ਮੰਤਰੀ ਦੇ ਦਿਲ ਨਾਲ ਸਬੰਧਤ ਕੁਝ ਜ਼ਰੂਰੀ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾ. ਜਸਵਾਲ ਮੁਤਾਬਕ ਮੁੱਖ ਮੰਤਰੀ ਦੀ ਪਲਮੋਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ’ਤੇ ਦਬਾਅ ਪੈ ਗਿਆ ਹੈ, ਜਿਸ ਕਾਰਨ ਬਲੱਡ ਪ੍ਰੈੱਸ਼ਰ ਅਨਿਯਮਤ ਹੋ ਗਿਆ ਸੀ।