ਪਿਆਰ ‘ਚ ਮਿਲਿਆ ਧੋਖਾ : ਕਿਤੇ ਨਹੀਂ ਮਿਲਿਆ ਇਨਸਾਫ਼, ਪ੍ਰੇਮੀ ਦੇ ਘਰ ਦੇ ਬਾਹਰ ਬੈਠੀ ਲੜਕੀ, ਆਰੋਪੀ ਘਰ ਨੂੰ ਤਾਲਾ ਲਾ ਕੇ ਗਾਇਬ

0
1399

ਜਲੰਧਰ | ਇਥੋਂ ਦੇ ਪਿੰਡ ਖੁਰਲਾ ਕਿੰਗਰਾ ਦਾ ਇਕ ਅਜਿਹਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਲੜਕਕੀ ਨੇ ਆਪਣੇ ਪ੍ਰੇਮੀ ਵੱਲੋਂ ਦਿੱਤੇ ਧੋਖੇ ਕਾਰਨ ਮੁੰਡੇ ਦੇ ਘਰ ਦੇ ਬਾਹਰ ਧਰਨਾ ਲਾ ਲਿਆ ਹੈ ਤੇ ਲੜਕਾ ਪਰਿਵਾਰ ਸਮੇਤ ਘਰ ਨੂੰ ਤਾਲੇ ਲਾ ਕੇ ਫਰਾਰ ਹੈ।

ਪੀੜਤ ਨੇਹਾ ਦੇ ਪਿੰਡ ਖੁਰਲਾ ਕਿੰਗਰਾ ਦੇ ਨੌਜਵਾਨ ਸ਼ਵਿੰਦਰ ਨਾਲ ਪ੍ਰੇਮ ਸੰਬੰਧ ਸਨ। ਦੋਵੇਂ ਲਿਵ-ਇਨ ਵਿੱਚ ਰਹਿੰਦੇ ਰਹੇ ਪਰ ਜਦੋਂ ਗੱਲ ਵਿਆਹ ਦੀ ਆਈ ਤਾਂ ਪ੍ਰੇਮੀ ਧੋਖੇਬਾਜ਼ ਨਿਕਲਿਆ।

ਇਸ ਤੋਂ ਬਾਅਦ ਉਹ ਲੜਕੀ ਨੂੰ ਛੱਡ ਕੇ ਆਪਣੇ ਘਰੋਂ ਭੱਜ ਗਿਆ ਪਰ ਲੜਕੀ ਨੇ ਵੀ ਹਾਰ ਨਹੀਂ ਮੰਨੀ ਤੇ ਉਹ ਵੀ ਉਸ ਦੇ ਘਰ ਦੇ ਬਾਹਰ ਆ ਕੇ ਬੈਠ ਗਈ। ਪਿਛਲੇ 3 ਦਿਨਾਂ ਤੋਂ ਲੜਕੀ ਧੋਖੇਬਾਜ਼ ਪ੍ਰੇਮੀ ਦੇ ਘਰ ਦੇ ਬਾਹਰ ਠੰਡੀਆਂ ਰਾਤਾਂ ਕੱਟ ਰਹੀ ਹੈ।

ਲੜਕੀ ਦਾ ਕਹਿਣਾ ਹੈ ਕਿ ਉਹ ਇਨਸਾਫ਼ ਚਾਹੁੰਦੀ ਹੈ। ਇਨਸਾਫ਼ ਮਿਲਣ ਤੱਕ ਉਹ ਇੱਥੇ ਹੀ ਬੈਠੀ ਰਹੇਗੀ, ਭਾਵੇਂ ਉਸ ਦੀ ਠੰਡ ਕਾਰਨ ਮੌਤ ਹੋ ਜਾਵੇ। ਲੜਕੀ ਦੇ ਅਜਿਹੇ ਰਵੱਈਏ ਨੂੰ ਦੇਖ ਕੇ ਲੜਕਾ ਤੇ ਉਸ ਦੇ ਪਰਿਵਾਰ ਵਾਲੇ ਇਕ-ਇਕ ਕਰਕੇ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਏ।

ਅਸਲ ਵਿੱਚ ਜਾਤ ਨੂੰ ਲੈ ਕੇ ਵੀ ਦੋਵਾਂ ਵਿੱਚ ਝਗੜਾ ਹੈ। ਲੜਕੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਤੇ ਲੜਕਾ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਹੈ। ਲੜਕੇ ਦੇ ਪਰਿਵਾਰਕ ਮੈਂਬਰ ਨਹੀਂ ਚਾਹੁੰਦੇ ਕਿ ਉਹ ਅੰਤਰਜਾਤੀ ਵਿਆਹ ਕਰਵਾਏ।

ਬਦਨਾਮ ਕਰ ਛੁਟਕਾਰਾ ਪਾਉਣਾ ਚਾਹੁੰਦਾ ਸੀ

ਪੀੜਤ ਨੇਹਾ ਨੇ ਦੱਸਿਆ ਕਿ ਜਦੋਂ ਦੋਵਾਂ ‘ਚ ਪਿਆਰ ਹੋ ਗਿਆ ਤਾਂ ਲੜਕੇ ਸ਼ਵਿੰਦਰ ਨੇ ਉਸ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਵਿਆਹ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਉਹ ਉਸ ਦੇ ਨਾਲ ਲਿਵ-ਇਨ ‘ਚ ਰਹਿਣ ਲੱਗੀ।

ਪੀੜਤਾ ਨੇ ਦੱਸਿਆ ਕਿ ਮੇਰੇ ਕੁਝ ਜਾਣਕਾਰਾਂ ਨੇ ਹੀ ਦੱਸਿਆ ਕਿ ਲੜਕਾ ਸਹੀ ਨਹੀਂ ਹੈ ਤੇ ਉਹ ਕਈ ਕੁੜੀਆਂ ਨਾਲ ਖੇਡ ਚੁੱਕਾ ਹੈ ਪਰ ਉਸ ਨੇ ਲੋਕਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕੀਤਾ ਤੇ ਸ਼ਵਿੰਦਰ ‘ਤੇ ਪੂਰਾ ਭਰੋਸਾ ਰੱਖਿਆ ਪਰ ਲੋਕਾਂ ਦੀਆਂ ਗੱਲਾਂ ਸੱਚ ਨਿਕਲੀਆਂ।

ਸ਼ਵਿੰਦਰ ਨੇ ਮੈਨੂੰ ਨੀਂਦ ਦੀਆਂ ਗੋਲੀਆਂ ਖੁਆ ਦਿੱਤੀਆਂ ਤੇ ਮੇਰੇ ਨਾਲ ਗਲਤ ਕੰਮ ਕਰਨ ਤੋਂ ਬਾਅਦ ਆਪਣੇ ਦੋਸਤਾਂ ਅੱਗੇ ਪਰੋਸ ਕੇ ਮੇਰੀ ਵੀਡੀਓ ਬਣਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।

ਉਸ ਨੇ ਮੇਰੇ ਤੋਂ ਛੁਟਕਾਰਾ ਪਾਉਣ ਲਈ ਅਜਿਹਾ ਕੀਤਾ। ਇਸ ਤੋਂ ਬਾਅਦ ਉਹ ਗਾਇਬ ਹੋ ਗਿਆ। ਜਦੋਂ ਮੈਨੂੰ ਪਤਾ ਲੱਗਾ ਕਿ ਉਹ ਖੁਰਲਾ ਕਿੰਗਰਾ ਸਥਿਤ ਆਪਣੇ ਘਰ ‘ਚ ਹੈ ਤਾਂ ਉਹ ਇੱਥੇ ਆ ਕੇ ਬੈਠ ਗਈ।

ਕਿਤੇ ਨਹੀਂ ਮਿਲਿਆ ਇਨਸਾਫ਼

ਲੜਕੀ ਦਾ ਕਹਿਣਾ ਹੈ ਕਿ ਥਾਣੇ ਤੋਂ ਲੈ ਕੇ ਅਦਾਲਤਾਂ ਤੱਕ ਹਰ ਥਾਂ ਸ਼ਿਕਾਇਤਾਂ ਦੇ ਕੇ ਉਹ ਹਾਰ ਗਈ ਹੈ ਪਰ ਉਸ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲਿਆ। ਉਹ ਸ਼ਿਕਾਇਤ ਦੇਣ ਜਿਥੇ ਜਾਂਦੀ ਹੈ, ਆਪਣੇ ਨਾਲ ਹੋਏ ਧੋਖੇ ਬਾਰੇ ਦੱਸਦੀ ਹੈ ਤਾਂ ਉਸ ਦੀ ਗੱਲ ਟਾਲ ਦਿੱਤੀ ਜਾਂਦੀ ਹੈ।

ਉਹ ਥਾਣੇ ਜਾਂਦੀ ਹੈ ਤਾਂ ਸ਼ਿਕਾਇਤ ਰੱਖ ਲਈ ਜਾਂਦੀ ਹੈ ਪਰ ਕੋਈ ਕਾਰਵਾਈ ਨਹੀਂ ਹੁੰਦੀ। ਜਦੋਂ ਉਹ ਦੁਬਾਰਾ ਜਾ ਕੇ ਪੁੱਛਦੀ ਹੈ ਤਾਂ ਸਾਹਮਣੇ ਤੋਂ ਇੱਕੋ ਰਟਿਆ-ਰਟਾਇਆ ਜਵਾਬ ਮਿਲਦਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ।

ਪੀੜਤਾ ਦਾ ਕਹਿਣਾ ਹੈ ਕਿ ਉਸ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਉਸ ਨੂੰ ਹਾਰ ਕੇ ਲੜਕੇ ਦੇ ਘਰ ਦੇ ਬਾਹਰ ਧਰਨਾ ਦੇਣਾ ਪਿਆ।