ਕੋਲਕਾਤਾ : ਮਿਡ-ਡੇ ਮੀਲ ’ਚੋਂ ਨਿਕਲਿਆ ਸੱਪ, ਮਾਪਿਆਂ ਦਾ ਭੜਕਿਆ ਗੁੱਸਾ, ਕੀਤਾ ਰੋਸ ਪ੍ਰਗਟ

0
1579

ਕੋਲਕਾਤਾ/ਬੰਗਾਲ | ਇਥੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਨਦੀਆ ਜ਼ਿਲ੍ਹੇ ’ਚ ਆਈਸੀਡੀਐੱਸ ਕੇਂਦਰ ’ਚ ਮਿਡ-ਡੇ ਮੀਲ ’ਚੋਂ ਇਕ ਸੱਪ ਮਿਲਿਆ। ਘਟਨਾ ਛਪਰਾ ਥਾਣੇ ਅਧੀਨ ਪੈਂਦੇ ਡੋਮਪੁਕੁਰ ਇਲਾਕੇ ਦੀ ਹੈ। ਉਥੇ ਈਸਟ ਦਕਸ਼ਿਣਪਾੜਾ ਨੰਬਰ 60 ਆਈਸੀਡੀਐੱਸ ਕੇਂਦਰ ’ਚ ਖਾਣਾ ਪਕਾਇਆ ਗਿਆ ਸੀ। ਖਾਣੇ ’ਚੋਂ ਇਕ ਸੱਪ ਮਰਿਆ ਹੋਇਆ ਦੇਖਿਆ ਗਿਆ। ਖਾਣੇ ’ਚੋਂ ਸੱਪ ਮਿਲਣ ’ਤੇ ਇਲਾਕੇ ਦੇ ਲੋਕਾਂ ਦਾ ਗੁੱਸਾ ਭੜਕ ਉੱਠਿਆ। ਖਾਣੇ ਦੇ ਡੱਬਿਆਂ ਨੂੰ ਲੈ ਕੇ ਸਥਾਨਕ ਲੋਕਾਂ ਨੇ ਛਪਰਾ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।

ਮਾਪਿਆਂ ਦੀ ਸ਼ਿਕਾਇਤ ਹੈ ਕਿ ਆਈਸੀਡੀਐੱਸ ਕੇਂਦਰ ਦੇ ਨੇੜੇ ਇਕ ਘਰ ’ਚ ਖਾਣਾ ਪਕਾਇਆ ਜਾਂਦਾ ਹੈ। ਇਸ ਦੇ ਆਲੇ-ਦੁਆਲੇ ਪਖਾਨੇ ਹਨ। ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇਸ ਤੋਂ ਪਹਿਲਾਂ ਵੀ ਬੰਗਾਲ ’ਚ ਮਿਡ-ਡੇ ਮੀਲ ’ਚ ਕਾਕਰੋਚ ਅਤੇ ਕਿਰਲੀਆਂ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸੈਂਟਰ ਦੀ ਅਧਿਆਪਕਾ ਸ਼ਾਹਨਾਰਾ ਖਾਤੂਨ ਨੇ ਦੱਸਿਆ ਕਿ ਖਾਣਾ ਨਿਯਮਾਂ ਅਨੁਸਾਰ ਪਕਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਸਬਜ਼ੀਆਂ ਜਾਂ ਕਿਸੇ ਹੋਰ ਚੀਜ਼ ’ਚ ਸੱਪ ਹੋਵੇ।

ਇਲਾਕਾ ਨਿਵਾਸੀ ਆਸਨੂਰ ਬਿਸਵਾਸ ਨੇ ਕਿਹਾ ਕਿ ਇੱਥੇ ਬੱਚਿਆਂ ਨੂੰ ਸਹੀ ਖਾਣਾ ਨਹੀਂ ਦਿੱਤਾ ਜਾਂਦਾ। ਸੋਇਆਬੀਨ, ਆਲੂ ਕੁਝ ਨਹੀਂ ਦਿੰਦੇ। ਬੱਚਿਆਂ ਨੂੰ ਲੋੜੀਂਦੀ ਪ੍ਰੋਟੀਨ ਨਹੀਂ ਮਿਲਦਾ। ਖਾਣਾ ਪਕਾਉਣ ਦੀ ਜਗ੍ਹਾ ਵੀ ਚੰਗੀ ਨਹੀਂ ਹੈ। ਇਸ ਦੇ 3 ਪਾਸੇ ਪਖਾਨੇ ਹਨ। ਸਰਕਾਰ ਨੇ ਰਸੋਈ ਗੈਸ ਦੇ ਦਿੱਤੀ ਹੈ ਪਰ ਇਸ ਦੀ ਵਰਤੋਂ ਨਹੀਂ ਹੋ ਰਹੀ। ਖਾਣਾ ਬਾਂਸ ਦੇ ਪੱਤਿਆਂ ਨੂੰ ਸਾੜ ਕੇ ਪਕਾਇਆ ਜਾਂਦਾ ਹੈ।