ਨਸ਼ੇੜੀ ਪਤੀ ਤੋਂ ਦੁੱਖੀ ਹੋ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਇੰਝ ਜੀਵਨ ਲੀਲਾ ਕੀਤੀ ਸਮਾਪਤ

0
882

ਪਟਿਆਲਾ| ਥਾਣਾ ਜੁਲਕਾਂ ਅਧੀਨ ਪੈਂਦੇ ਪਿੰਡ ਦੇਵੀਗੜ੍ਹ ‘ਚ ਇੱਕ 40 ਸਾਲਾ ਵਿਆਹੁਤਾ ਔਰਤ ਨੇ ਆਪਣੇ ਨਸ਼ੇੜੀ ਪਤੀ ਦੀ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਤੋਂ ਤੰਗ ਆ ਕੇ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਰਿਆਣਾ ਦੇ ਪਿੰਡ ਮਲੌਰ ਦੀ SYL ਨਹਿਰ ‘ਚੋਂ ਪੁਲਿਸ ਨੂੰ ਵਿਆਹੁਤਾ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਵਿਆਹੁਤਾ ਦੇ ਭਰਾ ਦੇ ਬਿਆਨਾਂ ‘ਤੇ ਪੁਲਿਸ ਨੇ ਦੋਸ਼ੀ ਪਤੀ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ ਹੈ।

ਮਹਿੰਦਰ ਸਿੰਘ ਵਾਸੀ ਪਿੰਡ ਸਾਹਨੀਪੁਰ ਟਾਂਡਾ ਜ਼ਿਲਾ ਪਟਿਆਲਾ ਨੇ ਥਾਣਾ ਜੁਲਕਾਂ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਭੈਣ ਸੁਰਿੰਦਰ ਕੌਰ (40) ਦਾ ਵਿਆਹ ਕਰੀਬ 19 ਸਾਲ ਪਹਿਲਾਂ ਅਮਰਜੀਤ ਸਿੰਘ ਵਾਸੀ ਦੇਵੀਗੜ੍ਹ ਨਾਲ ਹੋਇਆ ਸੀ। ਅਮਰਜੀਤ ਸਿੰਘ ਕੰਬਾਈਨਾਂ ‘ਤੇ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦੀ ਮਾੜੀ ਆਦਤ ਦਾ ਸ਼ਿਕਾਰ ਸੀ।

ਉਹ ਹਰ ਰੋਜ਼ ਸ਼ਰਾਬ ਪੀ ਕੇ ਉਸ ਦੀ ਭੈਣ ਨਾਲ ਲੜਦਾ ਸੀ। ਇਸ ਕਾਰਨ ਸੁਰਿੰਦਰ ਕੌਰ ਮਾਨਸਿਕ ਤੌਰ ‘ਤੇ ਕਾਫੀ ਪਰੇਸ਼ਾਨ ਰਹਿੰਦੀ ਸੀ। ਕਈ ਵਾਰ ਦੋਵਾਂ ਦਾ ਰਾਜ਼ੀਨਾਮਾ ਵੀ ਕਰਵਾਇਆ ਗਿਆ ਪਰ ਕੁਝ ਦਿਨ ਠੀਕ ਰਹਿਣ ਤੋਂ ਬਾਅਦ ਦੋਸ਼ੀ ਨੇ ਆਪਣੀ ਪਤਨੀ ਨਾਲ ਫਿਰ ਤੋਂ ਲੜਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ 15 ਫਰਵਰੀ 2023 ਨੂੰ ਮਹਿੰਦਰ ਸਿੰਘ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਘਰੋਂ ਲਾਪਤਾ ਹੈ।

ਸਹੁਰੇ ਪਰਿਵਾਰ ਨੂੰ ਫੋਨ ਕਰਨ ‘ਤੇ ਦੱਸਿਆ ਗਿਆ ਕਿ ਉਹ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਹੈ। ਤਲਾਸ਼ੀ ਦੌਰਾਨ ਹਰਿਆਣਾ ਦੇ ਪਿੰਡ ਮਲੌਰ ਦੀ ਐਸਵਾਈਐਲ ਨਹਿਰ ਵਿੱਚੋਂ ਵਿਆਹੁਤਾ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਸੁਰਿੰਦਰ ਕੌਰ ਦੇ ਭਰਾ ਦਾ ਦੋਸ਼ ਹੈ ਕਿ ਉਸ ਦੀ ਭੈਣ ਨੇ ਆਪਣੇ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ। ਪੁਲਿਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।